ਅਪਾਹਜ

ਅਸੀਂ ਸਰਕਾਰੀ ਸਕੂਲ ਵਿੱਚ ਤਿੰਨ ਅਧਿਆਪਕ ਹਾਂ। ਪਿੰਡ ਦੀ ਹੀ ਇੱਕ ਪੋਲੀਉ -ਪੀੜਤ
ਕੁੜੀ ਹਰਜੀਤ , ਨੂੰ ਘਰੋਂ ਗਰੀਬ ਹੋਣ ਕਰਕੇ ਅਸੀਂ ਆਪਣੇ ਸਕੂਲ ਪੜਾਉਣ ਲਈ ਸਹਾਇਕ ਵਜੋਂ ਰੱਖਿਆ ਹੋਇਆ ਹੈ।
ਸ਼ੈਸ਼ਨ ਮੁੱਕਣ ਵਾਲਾ ਹੈ ਤੇ ਬੱਚਿਆਂ ਦੀ ਗਿਣਤੀ ਦਿਨੋਂ -ਦਿਨ ਘਟਦੀ ਜਾ ਰਹੀ ਹੈ। ਸਾਰੇ ਸਟਾਫ਼ ਨੂੰ ਇਕੱਠੇ ਕਰਕੇ ਕਿਹਾ ਕਿ ਆਪਾਂ ਨੂੰ ਬੱਚਿਆਂ ਦੇ ਦਾਖ਼ਲੇ ਲਈ , ਪਿੰਡ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਵਾਸਤੇ ਗੇੜਾ ਲਾਉਣਾ ਚਾਹੀਦਾ ਹੈ ।
ਸੁਣਦੇ ਸਾਰ ਹੀ ਸਾਥੀ ਅਧਿਆਪਕਾ ਨੇ ਹੱਥ ਖੜੇ ਕਰ ਦਿੱਤੇ, ਅਖੇ, ਮੇਰੇ ਹਸਬੈਂਡ ਨੀ ਮੇਰਾ ਇਸ ਤਰਾਂ ਪਿੰਡ ਵਿੱਚ ਫਿਰਨਾ ਅਲਾਉ ਕਰਦੇ ।
ਨਾਲਦੇ ਪੁਰਸ਼ ਅਧਿਆਪਕ ਨੇ ਵੀ ਮੂੰਹ-ਤੋੜਵਾਂ ਜਵਾਬ ਦੇ ਦਿੱਤਾ ਕਿ ਆਪਾਂ ਤਾਂ ” ਵਿਹੜੇ ” ਚ ਗੇੜਾ ਦੇ ਨੀਂ ਸਕਦੇ।
ਮੈਂ ਸੁੰਨ ਜਿਹਾ ਹੋ ਕੇ ਬੈਠ ਗਿਆ।
ਮੇਰਾ ਚਿਹਰਾ ਦੇਖ ਕੇ ਹਰਜੀਤ ਉੱਠ ਕੇ ਬਾਹਰ ਚਲੀ ਗਈ।
ਕੁੱਝ ਸਮਾਂ ਬਾਅਦ ਬਾਹਰੋਂ ਨਾਅਰਿਆਂ ਦੀਆਂ ਅਵਾਜਾਂ ਸੁਣਾਈ ਦੇਣ ਲੱਗੀਆਂ ।
ਵਰਦੀ ਫਰੀ
ਦਾਖਲਾ ਫ਼ਰੀ
ਕਿਤਾਬਾਂ ਫ਼ਰੀ
ਬਾਹਰ ਜਾ ਕੇ ਦੇਖਿਆ ਹਰਜੀਤ ਲੰਗ -ਮਾਰਦੀ , ਆਪਣੀਆਂ ਵਿਸਾਖੀਆਂ ਸਹਾਰੇ , ਬੁਲੰਦ ਆਵਾਜ਼ ਵਿੱਚ ਬੱਚਿਆਂ ਦੀ ਅਗਵਾਈ ਕਰ ਰਹੀਂ ਸੀ।
ਸਮਝ ‘ਚ ਨੀਂ ਸੀ ਆ ਰਿਹਾ ਕਿ
ਅਪਾਹਜ ਕੌਣ ਸੀ ?

-ਅਗਿਆਤ-

ਗਰੌਹ ਕੱਟਿਆ ਗਿਆ

ਪੁੱਤ ਕਮਾਈ ਵਾਲਾ ਹੋ ਗਿਆ ਤੇ ਫ਼ਸਲ ਵੀ ਸੁੱਖ ਨਾਲ ਵਾਹਵਾ ਹੋਣ ਲੱਗ ਗਈ ਸੀ,ਹੁਣ ਤੋਂ ਵੱਡੀ ਕੋਠੀ ਵੀ ਪਾ ਲਈ ਸੀ ਓਹਨੇ ਪਰ ਆਵਦੇ ਬੇਬੇ ਬਾਪੂ ਲਈ ਕੋਠੀ ਤੋਂ ਬਾਹਰ ਘਰ ਦੀ ਸੱਜੀ ਗੁੱਠੇ ਕਮਰਾ ਪਾ ਦਿੱਤਾ ਸੀ ਜੋ ਪਸ਼ੂਆਂ ਵਾਲੇ ਵਰਾਂਡੇ ਨਾਲ ਲੱਗਦਾ ਸੀ ਤੇ ਬਾਪੂ ਰਾਤ ਨੂੰ ਮੱਛਰਾਂ ਤੋਂ ਤੰਗ ਹੋ ਵਿਹੜੇ ‘ਚ ਟਹਿਲਣ ਲੱਗ ਜਾਂਦਾ
ਨੂੰਹ ਦਾ ਪਾਰਾ ਚੜਿਆ ਰਹਿੰਦਾ ਜਦ ਵੀ ਬਾਪੂ ਨਹਾਉਂਣ ਲਈ ਪੱਖੇ ਵਾਲੇ ਬਾਥਰੂਮ ‘ਚ ਵੜਦਾ ਤੇ ਬਾਪੂ ਨੂੰਹ ਦੇ ਬੋਲ ਕਬੋਲ ਸੁਣ ਛੇਤੀ ਦੇਣੇ ਉੱਗਲ ਤੁੱਗਲ ਕੇ ਕੱਪੜੇ ਪਾ ਬਾਹਰ ਆ ਜਾਂਦਾ ਤੇ ਆਵਦੇ ਕਮਰੇ ‘ਚ ਜਾ ਸੋਚਦਾ ਕਿ ਪਤਾ ਨਹੀਂ ਪੁੱਤ ਦੀ ਪਰਵਰਿਸ਼ ‘ਚ ਕਿੱਥੇ ਕਮੀ ਰਹਿ ਗਈ
ਬਾਪੂ ਹੁਣ ਸੜਕ ਨਾਲ ਲੱਗਦੇ ਸੂਏ ‘ਚ ਨਹਾ ਆਉਂਦਾ ਤੇ ਇੱਕ ਦਿਨ ਐਤਵਾਰ ਸਵੇਰੇ ਨਿੱਕਾ(ਬਾਪੂ ਦਾ ਪੋਤਰਾ) ਵੀਰ ਕੇ ਬੈਠ ਗਿਆ ਕਿ ਮੈਂ ਨਹੀਂ ਨਹਾਉਂਣਾ ਓਨਾ ਚਿਰ ,ਜਿੰਨਾ ਚਿਰ ਦਾਦੂ ਨਹੀਂ ਨਹਾਉਂਦੇ ਇਸ ਬਾਥਰੂਮ ‘ਚ ,,ਕਹਿੰਦਾ ਕਿ ਤੈਨੂੰ ਪਤਾ ਮਾਂ,ਮੇਰੇ ਦੋਸਤ ਕੱਲ ਬਾਪੂ ਨੂੰ ਸੂਏ ਤੇ ਨਹਾਉਂਦਾ ਦੇਖ ਮਜਾਕ ਉਡਾ ਰਹੇ ਸੀ,,,,ਨੂੰਹ ਨੇ ਜਵਾਕ ਨੂੰ ਬਥੇਰਾ ਸਮਝਾਇਆ ਕਿ ਲੋਕ ਤਾਂ ਊਈ ਬੋਲਦੇ ਆ ਤੇ ਲੋਕਾਂ ਪਿੱਛੇ ਨਹੀਂ ਲੱਗੀਦਾ ਤੇ ਹੁਣ ਨੂੰਹ ਦਾ ਸਾਰਾ ਗੁੱਸਾ ਬਾਪੂ ਤੇ ਆ ਗਿਆ ਕਿ ਹੁਣ ਮੇਰੇ ਜਵਾਕ ਨੂੰ ਭਿੱਤੀਆਂ ਪੜਾਉਂਦਾ ਏ
ਓਸੇ ਰਾਤ ਹੀ ਬਾਪੂ ਨੇ ਝੋਲੇ ‘ਚ ਸੂਟ ਪਾਏ ਤੇ ਘਰੋਂ ਚਲਾ ਗਿਆ ਤੇ ਥੋੜੇ ਦਿਨਾਂ ਬਾਅਦ ਬਾਪੂ ਦੀ ਲਾਸ਼ ਨਾਲ ਦੇ ਪਿੰਡ ਦੇ ਸੂਏ ‘ਚੋ ਮਿਲੀ
ਬਾਪੂ ਦੀ ਲਾਸ਼ ਪਿੰਡ ਲਿਆਂਦੀ ਗਈ ਤੇ ਉਸਨੂੰ ਕੋਠੀ ਦੇ ਵੱਡੇ ਬਾਥਰੂਮ ‘ਚ ਨਵਾਇਆ ਗਿਆ ਤੇ ਨੂੰਹ ਧਾਹਾਂ ਮਾਰ ਮਾਰ ਰੋ ਰਹੀ ਸੀ ਤੇ ਅੰਦਰੋਂ ਅੰਦਰੀਂ ਸੋਚ ਰਹੀ ਸੀ ਕਿ ਗਰੌਹ ਕੱਟਿਆ ਗਿਆ
#ਜੱਸੀ

ßrar Jessy