ਗਮ ਸੀਨੇ ਵਿੱਚੋਂ ਕੱਢਣਾ ਹੈ ਮੁਸ਼ਕਿਲ ਬਹੁਤ

ਸੱਚ ਆਖਾਂ “ਗਮ ਸੀਨੇ ਵਿੱਚੋਂ ਕੱਢਣਾ ਹੈ ਮੁਸ਼ਕਿਲ ਬਹੁਤ”
ਕਿ ਡੁੱਲਦੀ ਹੈ ਅੱਖ ਥੋੜੀ੍ , ਭਰਦਾ ਹੈ ਦਿਲ ਬਹੁਤ

ਮੇਰੇ ਖ਼ਾਕ-ਏ-ਕਦਮ ਹੀ ਮੇਰੇ , ਰਸਤੇ ‘ਚ ਦੀਵਾਰ ਹੋ ਗਏ
ਮੈਂ ਕਿੰਨੀ ਦੂਰ ਸੀ ਖੜਾ , ਖੜੀ ਨੇੜੇ ਸੀ ਮੰਜ਼ਿਲ ਬਹੁਤ

ਬੈਠਾ ਦਰ ‘ਤੇ ਉਡੀਕ ਕਰਦਾ, ਪਥਰਾ ਚੁੱਕਾਂ ਹਾਂ ਲਗਭਗ
ਆਦਮ ਹਾਂ ਹੁਣ ਥੋੜਾ , ਬਣ ਚੁੱਕਾਂ ਹਾਂ ਸਰਦਲ ਬਹੁਤ

ਸੈਲਾਬ ਤੇਰੀ ਯਾਦ ਦਾ , ਕੁਝ ਪਕੜ ਤਾਂ ਬਣਾਈ ਰੱਖੇ
ਤਨਹਾ ਹੁੰਦਾ ਹੈ ਤਾਂ ਅਕਸਰ ਖ਼ੁਰਦਾ ਹੈ ਸਾਹਿਲ ਬਹੁਤ

ਸ਼ੋਖੀ ਭਰੇ ਇਹ ਜ਼ਖਮਾਂ ਤੋਂ , ਬਚ ਨਹੀਂ ਸਕਦਾ ਜਿਗਰ
ਕੁਝ ਨਕਸ਼-ਏ-ਤੀਰ ਤੇਜ਼ , ਕੁਝ ਮੇਰੀ ਵੀ ਢਿਲ੍ ਬਹੁਤ

ਚਾਰਾਗਰਾਂ ਤੋਂ ਦੇਖੋ , ਪਰਦੇ ‘ਚ ਲੁਕਾਈ ਬੈਠਾ ਹੈ
ਸਾਂਭ ਕੇ ਜ਼ਖਮਾਂ ਨੂੰ ਤੇਰੇ ਰੱਖਦਾ ਹੈ ਦਿਲ ਬਹੁਤ

ਪਰਵਾਨੇ ਨੇ ਵੇਖੀਂ ਰੋਣਗੇ , ਅੰਦਾਜ਼ ਸਿੱਖਣਗੇ ਕਿੱਥੋਂ
ਸ਼ਮਾਂ ਦੇ ਉਸ ‘ਦੀਪ’ ਨੂੰ , ਤਰਸੇਗੀ ਮਹਿਫ਼ਿਲ਼ ਬਹੁਤ

—–ਸੁਖਦੀਪ

Sukhdeep Aujla

ਸਾਲ ਲੰਘਦੇ ਰਹੇ, ਦਿਨ ਗੁਜ਼ਰਦੇ ਰਹੇ

ਸਾਲ ਲੰਘਦੇ ਰਹੇ, ਦਿਨ ਗੁਜ਼ਰਦੇ ਰਹੇ
ਵਕਤ ਚਲਦਾ ਗਿਆ, ਜੁਗ ਬਦਲਦੇ ਰਹੇ

ਜ਼ਿੰਦਗੀ ਰੰਗ ਅਪਣੇ ਦਿਖਾਉਂਦੀ ਰਹੀ,
ਰੰਗ ਕੁਦਰਤ ਦੇ ਵੀ, ਸੀ ਬਦਲਦੇ ਰਹੇ

ਠੋਕਰਾਂ, ਔਕੜਾਂ, ਮੁਸ਼ਕਲਾਂ, ਤਿਲਕਣਾਂ,
ਰੋਜ਼ ਡਿਗਦੇ ਰਹੇ, ਰੋਜ਼ ਚਲਦੇ ਰਹੇ

ਜ਼ਿੰਦਗੀ ਹਾਸਿਆਂ, ਰੋਣਿਆਂ ਦੀ ਕੜੀ,
ਲੋਕ ਰੋਂਦੇ ਰਹੇ, ਲੋਕ ਹਸਦੇ ਰਹੇ

ਉਮਰ ਭਰ ਨਾ ਖਤਮ ਹੋਣੀਆਂ ਖ਼ਾਹਿਸ਼ਾਂ,
ਖ਼ਾਬ ਸੀਨੇ ‘ਚ ਬੇਵਸ ਮਚਲਦੇ ਰਹੇ

ਬਿਨਸਣਾ ਉਪਜਣਾ ਰੀਤ ਸੰਸਾਰ ਦੀ,
ਪੱਤ ਝੜਦੇ ਰਹੇ ਫਿਰ ਪੁੰਗਰਦੇ ਰਹੇ

ਜ਼ਿੰਦਗੀ ਖੇਡ ਹੈ, ਮੌਤ ਤਕ ਦੋਸਤੋ,
ਲੋਕ ਜੰਮਦੇ ਰਹੇ, ਲੋਕ ਮਰਦੇ ਰਹੇ

Jatinder Lasara