ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

ਮਾਂ ਕਹਿੰਦੀ –
ਪੁੱਤ ਧਿਆਨ ਰੱਖੀਂ
ਇਨ੍ਹਾਂ ਜੁੱਤੇ ਝਾੜਣ ਵਾਲੇ ਕੱਪੜਿਆਂ ’ਤੇ
ਕੋਈ ਫੁੱਲ, ਕੋਈ ਅਕਾਰ ਨਾ ਹੋਵੇ

ਹੁਣ ਕਿਹੜਾ ਚਰਨ-ਧੂੜ ਦਾ ਵਕਤ ਰਿਹੈ
ਹੁਣ ਤਾਂ ਤੇਰੇ ਮਹਿੰਗੇ ਜੁੱਤਿਆਂ ਨਾਲ
ਦੁਨੀਆਂ ਭਰ ਦੀ ਸਸਤੀ ਗੰਦਗੀ ਹੀ
ਆ ਜਾਂਦੀ ਖਾਹਮਖਾਹ

ਮੈਂ ਨਹੀਂ ਚਾਹੁੰਦੀ
ਅਕਾਰ ਵੀ ਮਿੱਧਿਆ ਜਾਵੇ ਫੁੱਲ ਦਾ

ਮਾਂ ਨੇ ਹਾਉਕਾ ਜਿਹਾ ਲਿਆ ਲੰਮਾ ਸਾਰਾ

ਉਦ੍ਹੇ ਚਿਹਰੇ ’ਤੇ ਸਾਕਾਰ ਹੋਈਆਂ
ਚੁੱਲ੍ਹੇ ’ਤੇ ਬਣਾਈਆਂ ਜਲ ਰਹੀਆਂ ਮੋਰਨੀਆਂ
ਰੁਮਾਲਾਂ ’ਤੇ ਪਰੁੰਨੀਆਂ ਤਿੱਤਲੀਆਂ
ਦਰੀਆਂ ’ਚ ਕੈਦ ਘੁੱਗੀਆਂ
ਝੋਲਿਆਂ ’ਤੇ ਕੱਢੇ ਤੋਤੇ

ਨੱਕ ’ਚ ਪਾਈ ਮੱਛਲੀ
ਮੱਥੇ ’ਤੇ ਕਾਲਾ ਚੰਨ
ਪੈਰ-ਉਂਗਲੀਆਂ ’ਚ ਪਾਏ ਬਿੱਛੂ
ਤੇ ਹੋਰ ਕਿੰਨੇ ਹੀ ਜਾਣੇ ਪਹਿਚਾਣੇ
ਰੰਗ-ਆਕਾਰ ਹੋਏ ਸਾਕਾਰ

ਤੇ ਮੈਂ ਮਾਂ ਦੀਆਂ ਅੱਖਾਂ ’ਚੋਂ ਕਿਰੇ
ਘੁੱਗੀਆਂ ਗੁਟਾਰਾਂ ਤੋਤੇ
ਮੱਛਲੀਆਂ ਮੋਰਨੀਆਂ ਬਿੱਛੂਆਂ
ਅਸੰਖ ਹੰਝੂਆਂ ਦਾ ਕਰਜ਼ਦਾਰ ਹੋ ਗਿਆ

ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

-ਪਰਮਜੀਤ ਸਿੰਘ ਕੱਟੂ

Paramjeet Singh Kattu

ਸਤਰੰਗੀ ਜਿਹਾ

ਕਹਿੰਦੀ-
ਤੂੰ ਤਾਂ ਸਤਰੰਗੀ ਜਿਹਾ ਏਂ
ਪਤਾ ਨਈਂ ਲੱਗਦਾ ਕਿਹੜਾ ਰੰਗ
ਕਿਥੋਂ ਸ਼ੁਰੂ ਕਿਥੇ ਖ਼ਤਮ

ਮੈਂ ਕਿਹਾ-
ਸ਼ੁਰੂ, ਖ਼ਤਮ ਦੀ ਕਥਾ ਵੀ ਕੀ ਕਥਾ
ਆਪਾਂ ਤਾਂ ਵਿਗਸ ਰਹੇ
ਹਰ ਪਲ ਯਥਾ ਤਥਾ

ਆਹ ਦੇਖ ਅੱਠ ਪਹਿਰਾਂ ਦਾ ਖੇਲ
ਰੌਸ਼ਨੀ-ਹਨੇਰਿਆਂ ਦੇ ਰੰਗ-ਢੰਗ ਅਨੇਕ
ਪਲ ਪਲ ਹਰ ਪਲ ਦਾ ਮੇਲ

ਤੂੰ ਰੰਗਾਂ ਦੀ ਮੁੱਠੀ ਹਵਾ ’ਚ ਖਿਲਾਰ
ਹਰ ਦਿਸ਼ਾ ’ਚ ਜਾਵੇਗੀ ਫ਼ੈਲ
ਏਦਾਂ ਵਿਗਸੇ
ਆਪਾਂ ਵੀ ਤੇ ਕੁਲ ਕਾਇਨਾਤ
ਨਾ ਕੁਝ ਸ਼ੁਰੂ ਨਾ ਖ਼ਤਮ
ਆਪਾਂ ਪਵਣ ਪਾਣੀ ਧਰਤ ਅਗਨ ਅਕਾਸ਼

-ਪਰਮਜੀਤ ਸਿੰਘ ਕੱਟੂ

Paramjeet Singh Kattu