ਪਿਆਰ ਇਹ ਨਹੀ

ਪਿਆਰ ਇਹ ਨਹੀ
ਕਿ ਮੈਂ ਤੇਰੀਆਂ ਰੇਸ਼ਮੀ ਜ਼ੁਲਫ਼ਾਂ
ਦੀ ਛਾਂ ਮਾਨਦਾ ਰਹਾਂ
ਤੇਰੇ ਕੋਮਲ ਅੰਗਾਂ ਨੂੰ
ਸਹਿਲਾਉਂਦਾ ਰਹਾਂ ..
ਤੇਰੀਆਂ ਝੀਲ ਜਿਹੀਆਂ ਅੱਖਾਂ
‘ਚ ਡੁੱਬਦਾ ਜਾਵਾਂ….
ਤੇਰੇ ਮਿੱਠੇ ਬੋਲਾਂ ਚੋਂ
ਮਿਠਾਸ ਲੱਭਦਾ ਰਹਾਂ
ਤੇਰੇ ਨਖ਼ਰਿਆਂ ਦੇ
ਭਾਰ ਹੇਠਾਂ ਦੱਬਦਾ ਰਹਾਂ..
ਪਿਆਰ ਇਹ ਨਹੀ

ਸਗੋਂ ਪਿਆਰ ਤਾਂ ਓਹ ਹੋਵੇਗਾ
ਜਦੋਂ ਬੁਢਾਪੇ ਵਿਚ
ਮੈਂ ਤੇਰੀਆਂ ਬਚਕਾਣੀਆਂ ਹਰਕਤਾਂ ਨੂੰ
ਬਰਦਾਸ਼ਤ ਕਰਾਂ
ਤੇਰੇ ਥਥਲੌਂਦੇ ਬੋਲਾਂ
ਤੇ ਇਸ਼ਾਰਿਆਂ ਨੂੰ ਸਮਝਾ
ਤੇਰੇ ਕੰਬਦੇ ਹਥਾਂ ਨੂੰ ਸਹਾਰਾ ਦੇਵਾਂ
ਤੇਰੀ ਖੰਘਣ ਦੀ ਆਦਤ ਨੂੰ ਅਦਾ
ਤੇ ਤੇਰੇ ਜੁਕਾਮ ਨੂੰ ਨਖ਼ਰਾ ਆਖਾਂ
ਤੇਰੀ ਰੁੱਖੀ ਚਮੜੀ
ਤੇ ਉਲਝੇ ਵਾਲ ਵੀ ਮੈਨੂੰ
ਹੁਸਨ-ਏ-ਹਯਾਤ ਲੱਗਣ
ਤੂੰ ਵੀ ਹੁਣ ਦੇ ਪਿਆਰ ਨੂੰ ਪਿਆਰ ਨਾ ਸਮਝੀ
ਕਿਓਕਿ ਇਹ ਜਵਾਨੀ ਦੇ ਅਹਿਸਾਸ ਤਾਂ ਝੂਠ ਹੋ ਸਕਦੇ ਹਨ
ਪਰ ਬੁਢਾਪੇ ਦੀਆਂ
ਰਮਜਾਂ ਦੀ ਸਮਝ
ਗਲਤ ਨਹੀ ਹੋਣੀ…
ਗੁਰਪ੍ਰੀਤ ਮਾਨ

Gurpreet Mann