“ਪਿਆਰ” ਦੁਨੀਆਂ ਤੇ ਸਭ ਤੋਂ ਵੱਧ ਕੋਮਲ,ਸਭ ਤੋਂ ਵੱਧ ਤਕੜਾ,ਦਿਲ ਸਾਜ਼,ਰੂਹ ਦੀਆ ਤਾਰਾਂ ਹਿਲਾ ਦੇਣ ਵਾਲਾ ਅਧਿਆਤਮਿਕਤਾ ਦੇ ਹੁਲਾਰੇ ਦੇਣ ਵਾਲਾ ਅਹਿਸਾਸ ਆ।ਮਾੜੇ ਤੋਂ ਮਾੜਾ ਇਨਸਾਨ ਪਿਆਰ ਦੀ ਚਿਣਗ ਲੱਗ ਜਾਣ ਤੇ ਚੰਗਾਂ ਬਣ ਜਾਂਦਾ ।ਜਿਸ ਦੇ ਵੀ ਹਿੱਸੇ ਪਿਆਰ ਅਰਗਾ ਸੱਚਾ ਸੁੱਚਾ ਅਹਿਸਾਸ ਆਇਐ,ਉਹ ਕਦੇ ਕਿਸੇ ਦਾ ਬੁਰਾ ਨਹੀ ਕਰ ਸਕਦਾ।ਪਿਆਰ ਬੱਚੇ ਨੂੰ ਸਿਆਣਾ ਸੁਘੜ ਤੇ ਬਜ਼ੁਰਗ ਨੂੰ ਬੱਚਾ ਬਣਾ ਦਿੰਦੈ।ਪਿਆਰ ਕਰਨ ਆਲਿਆਂ ਨੂੰ ਕੁਦਰਤ ਦੀ ਹਰ ਸ਼ੈਅ ਪਿਆਰੀ ਲੱਗਦੀ ਐਂ,ਉਹ ਤਾਂ ਭੱਖੜੇ ਦੇ ਕੰਢੇ,ਤਪਦੇ ਕੱਕੇ ਰੇਤੇ,ਸੂਲਾਂ ਆਦਿ ‘ਚੋਂ ਵੀ ਪਿਆਰ ਲੱਭ ਲੈਂਦੇ ਨੇ।
ਪਿਆਰ ਤਾਂ ਰੱਬ ਵਰਗਾ,ਦਿੱਸਦਾ ਨਹੀ ਪਰ ਅੰਦਰ ਵੱਸਦੈ ਜ਼ਰੂਰ ਐਂ।ਪਿਆਰ ਦਾ ਆਧਾਰ ਸਰੀਰ ਨ੍ਹੀਂ ਜੇ ਪਿਆਰ ਦਾ ਆਧਾਰ ਸਰੀਰ ਹੋਵੇ ਤਾਂ ਇੱਕ ਮਾਂ ਆਪਣੇ ਲੰਗੜੇ-ਲੂਲੇ,ਕਰੂਪ ਪੁੱਤ ਨੂੰ ਸਹਿ-ਸੁਵਾਇਕੀ ਵੀ ਕਦੇ ਕਿ੍ਸ਼ਨ ਤੇ ਕਦੇ ਪੂਰਨ ਨਾ ਪੁਕਾਰੇ।ਪਿਆਰ ਤਾਂ ਸਰੀਰਾਂ ਤੋਂ ਪਾਰ ਦੀ ਕੋਈ ਗੱਲ ਐ।
ਪਿਆਰ ਸਮਝਾਉਣ – ਸਮਝਣ ਵਾਲੀ ਕੋਈ ਚੀਜ਼ ਨ੍ਹੀਂ,ਪਿਆਰ ਤਾਂ ਕਰਨ-ਕਰਾਉਣ ਆਲਾ ਤੇ ਮਹਿਸੂਸ ਕਰਨ ਆਲਾ ਐ।ਪਿਆਰ ਦੀ ਕੋਈ ਪਰਿਭਾਸ਼ਾ ਨ੍ਹੀਂ,ਇਹ ਤਾਂ ਨਿਰਾਕਾਰ ਐ,ਅਸਮਾਨ,ਧਰਤੀ,ਸਮੁੰਦਰਾਂ ਤੋਂ ਕਿਤੇ ਵਿਸ਼ਾਲ।ਕੁਦਰਤ ਦੀ ਹਰ ਸ਼ੈਅ ‘ਚ ਪਿਆਰ ਐਂ।ਪਿਆਰ ਹਵਾਵਾਂ ‘ਚ ਚੱਲਦਾ,ਪਿਆਰ ਪਾਣੀਆਂ ‘ਚ ਵਗਦਾ,ਪੰਛੀਆਂ ‘ਚ ਬੋਲਦਾ,ਪਿਆਰ ਪੱਤਿਆਂ ਦੀ ਖੜਖੜਾਹਟ,ਲਹਿਰਾਉਂਦੀਆ ਫਸਲਾਂ ਦਾ ਸੰਗੀਤ ਐਂ,ਪਿਆਰ ਸਾਹਾਂ ‘ਚ ਧੜਕਦਾ ਤੇ ਦਿਲਾਂ ‘ਚੋਂ ਉਪਜਦਾ ਕੋਈ ਗੀਤ ਐ ਤੇ ਏਸ ਗੀਤ ਨੂੰ ਗੁਣਗਨਾਉਣ ਆਲੇ ਇਨਸਾਨ ਵੀ ਟਾਂਵੇ-ਟਾਂਵੇ ਈਂ ਹੁੰਦੈ ਨੇ।
ਯਾਦਸੰਧੂ~