ਬੇਬੇ ਨੂੰ ਯਾਦ ਕਰਦਿਆਂ

“ਬੇਬੇ ਨੂੰ ਯਾਦ ਕਰਦਿਆਂ”
੧੯੧੯ – ੫ ਫਰਵਰੀ ੨੦੧੩
ਬਜ਼ੁਰਗਾਂ ਦੀ ਹੋਂਦ ਹੀ ਅਸਲ ਵਿੱਚ ਘਰ ਨੂੰ ਘਰ ਬਣਾਉਂਦੀ ਹੈ। ਕਹਿੰਦੇ ਨੇ ਬਜ਼ੁਰਗ ਘਰ ਦਾ ਤਾਲਾ ਹੁੰਦੇ ਹਨ ਜਿਨ੍ਹਾਂ ਦੇ ਹੁੰਦੇ ਬੰਦਾ ਬੇਫਿਕਰ ਘਰ ਤੋਂ ਬਾਹਰ ਜਾ ਸਕਦਾ ਹੈ। ਪਰ ਬਜ਼ੁਰਗਾਂ ਦੇ ਤੁਰ ਜਾਣ ਮਗਰੋਂ ਤਾਂ ਬੰਦਾ ਜਿੰਦੇ ਟੋਲਦਾ ਈ ਰਹਿ ਜਾਂਦਾ ਏ। ਕਿਸੇ ਸ਼ੈਅ ਦੇ ਆਪਣੀ ਜ਼ਿੰਦਗੀ ਵਿੱਚ ਅਸਲ ਮਾਇਨੇ ਆਪਾਂ ਨੂੰ ਉਸਦੇ ਖੁੱਸ ਜਾਣ ਤੋਂ ਬਾਅਦ ਹੀ ਪਤਾ ਲੱਗਦੇ ਹਨ।
ਮੇਰੀ ਬੇਬੇ ਦੇ ਤੁਰ ਜਾਣ ਮਗਰੋਂ ਸਾਡਾ ਘਰ ਵੀ ਸੁੰਨਸਾਨ ਹੀ ਜਾਪਦਾ ਏ। ਬੇਬੇ ਦੀ ਹਾਜ਼ਰੀ ਨਾਲੋਂ ਜਿਆਦਾ ਸ਼ਾਇਦ ਉਸ ਦੀ ਗੈਰ-ਮੌਜ਼ੂਦਗੀ ਸਾਨੂੰ ਵਧੇਰੇ ਖਲਕ ਰਹੀ ਏ। ਬੇਬੇ ਦਾ ਸਭ ਨਾਲ ਬਾਹਲਾ ਮੋਹ ਸੀ। ਚੁਸਤ-ਦਰੁਸਤ ਹਸੂੰ-ਹਸੂੰ ਕਰਦਾ ਚਿਹਰਾ ਹਰ ਵੇਲੇ ਕੰਮ ਕਾਜ’ਚ ਈ ਮਦ-ਮਸਤ ਹੋਇਆ ਰਹਿੰਦਾ। ਥਕੇਵਾਂ ਤਾਂ ਦੂਰ ਦੂਰ ਤੱਕ ਨਜ਼ਰੀਂ ਨਹੀਂ ਸੀ ਪੈਂਦਾ। ਕਦੇ ਚਰਖਾ ਕੱਤਣਾ, ਨਾਲੇ ਬੁਣਨਾ, ਮੰਜੇ ਬੁਣਨਾ, ਕਦੇ ਵਿਹੜਾ ਲਿੱਪਣਾ ਕਦੇ ਚੁੱਲਾ ਉਹਦੇ ਤਾਂ ਕੰਮ ਈ ਨਹੀਂ ਮੁੱਕਣ’ਚ ਆਉਂਦੇ ਸੀ। ਮੇਰੇ ਲਈ ਬੁਣੀ ਹੋਈ ਇੱਕ ਛੋਟੀ ਜਿਹੀ ਮੰਜੀ ਮੈਨੂੰ ਅੱਜ ਵੀ ਬੇਬੇ ਦਾ ਮੇਰੇ ਲਈ ਅਥਾਹ ਪਿਆਰ ਚੇਤੇ ਕਰਵਾਉਂਦੀ ਏ। ਰਾਤ ਨੂੰ ਬੇਬੇ ਨਾਲ ਸੌਣ ਲਈ ਮੈਂ ਤੇ ਮੇਰੀ ਭੈਣ ਨੇ ਲੜਨਾ ਤੇ ਫਿਰ ਬਾਅਦ’ਚ ਬੇਬੇ ਦੇ ਕਹੇ ਤੇ ਦਿਨ ਵੰਡ ਲੈਣੇ। ਬੇਬੇ ਦੀ ਉਂਗਲ ਫੜ੍ਹ ਕੇ ਪਤਾ ਈ ਨੀ ਕਿੰਨੀਆਂ ਕੁ ਰਿਸ਼ਤੇਦਾਰੀਆਂ ਗਾਹ ਦਿੱਤੀਆਂ ਸੀ। ਪਰ ਫੇਰ ਪਤਾ ਨੀ ਕੀ ਭਾਣਾ ਵਾਪਰ ਗਿਆ ਮੰਜੇ ਤੇ ਫਾਲਤੂ ਆਰਾਮ ਨਾ ਕਰਨ ਵਾਲੀ ਮੇਰੇ ਬੇਬੇ ਮੰਜੇ ਨਾਲ ਈ ਲੱਗ ਕੇ ਰਹਿ ਗਈ। ਹਰ ਵੇਲੇ ਕੰਮ ਕਰਨ ਵਾਲੇ ਹੱਥ ਰੋਟੀ ਖਾਣ ਤੋਂ ਵੀ ਮੁਹਤਾਜ ਹੋ ਗਏ। ਸਾਨੂੰ ਕੁੱਛੜ ਚੁੱਕ ਖਿਡਾਉਣ ਵਾਲੀ ਬੇਬੇ ਅਖੀਰ ਸਾਡੀ ਗੋਦ ਵਿੱਚ ਚੁੱਕ ਹੋਣ ਲਈ ਮਜ਼ਬੂਰ ਹੋ ਗਈ। ਬਚਪਨ ਵਿੱਚ ਸਾਨੂੰ ਘੂਰ ਕੇ ਬੁਲਾਉਣ ਵਾਲੀਆਂ ਆਵਾਜ਼ ਕਦੋਂ ਹਾੜਿਆਂ ਵਿੱਚ ਬਦਲ ਗਈਆਂ ਪਤਾ ਈ ਨਾ ਲੱਗਿਆ। ਪਹੁ ਫੁਟਾਲੇ ਤੋਂ ਪਹਿਲਾਂ ਗੁਰੂਘਰ ਜਾ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਬੇਬੇ ਮੰਜੇ ਤੇ ਪਈ ਰੱਬ ਨੂੰ ਤਾਅਨੇ ਮਾਰਨ ਲਈ ਮਜ਼ਬੂਰ ਹੋ ਗਈ। ਪਤਾ ਈ ਨਹੀਂ ਲੱਗਿਆ ਕਦੋਂ ਭੱਜ ਦੌੜ ਕਰਨ ਵਾਲੀ ਬੇਬੇ ਕੇਵਲ ਹੱਡੀਆਂ ਦੀ ਮੁੱਠ ਬਣ ਕੇ ਈ ਰਹਿ ਗਈ। ਮੰਜੇ ਤੇ ਪਈ ਬੇਬੇ ਜਦ ਕੁਵੇਲੇ ਆਵਾਜ਼ ਮਾਰਦੀ ਤਾਂ ਉਹ ਆਵਾਜ਼ ਸੁਣ ਕੇ ਖਿਝ ਚੜ੍ਹ ਜਾਂਦੀ ਪਰ ਹੁਣ ਉਹ ਆਵਾਜ਼ ਸੁਣਨ ਲਈ ਕੰਨ ਤਰਸ ਗਏ ਨੇ ਤੇ ਹੁਣ ਕਦੀ ਕਦਾਈਂ ਬੇਬੇ ਦੀ ਆਵਾਜ਼ ਵਿੱਚ ਰੀਸਾਂ ਲਾ ਲਾ ਕੇ ਬੇਬੇ ਨੂੰ ਚੇਤੇ ਕਰ ਲਈ ਦਾ ਏ ਤੇ ਭੁੱਲਾਂ ਬਖਸ਼ਾ ਲੈਂਦੇ ਹਾਂ। ਪਰ ਇਸ ਮਨ ਨੂੰ ਕੌਣ ਸਮਝਾਵੇ ਵੀ ਭੌਲੇ ਪੰਛੀਆ ਲੰਘਿਆ ਵੇਲਾ ਤੇ ਲੋਕ ਵਾਪਿਸ ਮੁੜ ਨਹੀਂ ਆਉਂਦੇ ਬਸ ਯਾਦਾਂ ਦੀ ਬੁੱਕਲ ਵਿੱਚ ਸਮਾ ਜਾਂਦੇ ਹਨ।

~ ਤੇਜਿੰਦਰਪਾਲ ਸਿੰਘ Tejinderpal Singh Buall

( ਸ਼ੈਲੀ ਬੁਆਲ )
ਸ਼ਮਸ਼ਪੁਰ
¤ ਫਰਵਰੀ ੨੦੧੬ ¤