ਖ਼ਤ ਦੀ ਕਥਾ-2

ਖ਼ਤ ਦੀ ਕਥਾ-2
ਸੱਚੀ ਗੱਲ ਦੱਸਾਂ, ਮੈਨੂੰ ਇਉਂ ਲਗਦਾ ਕਿ ਜੇ ਆਪਾਂ ਇਸ ਦੌਰ ਵਿਚ ਖ਼ਤ ਨਾ ਲਿਖੇ ਤਾਂ ਪਾਗ਼ਲ ਹੋ ਜਾਂਵਾਂਗੇ. ਇਹ ਦੌਰ ਸ਼ਬਦ ਦੀ ਸ਼ਰਨ ਚੋਂ ਨਿਕਲ ਸ਼ੋਰ ਦੇ ਘਨੇੜੀਂ ਚੜ੍ਹ ਗਿਆ ਏ. ਸਭ ਆਪਣੀ ਆਪਣੀ ਹੀ ਸੁਣ ਰਹੇ ਨੇ. ਆਪਣੀ ਗੱਲ ਵੀ ਕਦ ਸੁਣਦੇ ਨੇ, ਬਸ ਬੋਲੀ ਜਾ ਰਹੇ ਨੇ. ਲਾਮਾ ਜੀ ਤਾਂ ਆਖਦੇ ਨੇ – ਅਸੀਂ ਜੋ ਬੋਲ ਰਹੇ ਹੁੰਨੇ ਆਂ, ਉਹੀ ਬੋਲ ਰਹੇ ਹੁੰਨੇ ਆਂ ਜੋ ਤਕਰੀਬਨ ਤਕਰੀਬਨ ਸਾਨੂੰ ਆਉਂਦਾ ਹੁੰਦੈ, ਤੇ ਜਦੋਂ ਸੁਣ ਰਹੇ ਹੁੰਨੇ ਆਂ ਤਾਂ ਤਕਰੀਬਨ ਤਕਰੀਬਨ ਉਹ ਸੁਣ ਰਹੇ ਹੁੰਨੇ ਆਂ ਜੋ ਸਾਨੂੰ ਨਹੀਂ ਆਉਂਦਾ ਹੁੰਦਾ-. ਤਾਂ ਹੀਂ ਤਾਂ ਮੈਂ ਹੁਣ ਸੁਣਦਾਂ ਜ਼ਿਆਦਾਂ ਤੈਨੂੰ. ਪਰ ਲੋਕ ਭੈੜੇ ਸੁਣਨੋਂ ਈ ਹਟ ਗਏ. ਦੇਖੀਂ ਕਿਤੇ ਤੂੰ ਲੋਕਾਂ ਜਿਹੀ ਨਾ ਹੋ ਜਾਵੀਂ.
ਸੁਣਨਾ ਦੁਨੀਆਂ ਦੀ ਸਭ ਤੋਂ ਵੱਡੀ ਨਿਆਮਤ. ਸੁਣਨ ਲਈ ਰੋਮ ਰੋਮ ਜਾਗਣਾ ਚਾਹੀਦੈ. ਜਦੋਂ ਧੂੰਦੂਕਾਰਾ ਸੀ ਪਸਰਿਆ ਤਾਂ ਕਾਇਨਾਤ ਨੇ ਆਪਣੇ ਆਪ ਨੂੰ ਸੁਣ ਲਿਆ ਸੀ. ਗੂੰਜ ਉੱਠੀ ਸੀ ਕੋਈ. ਵਿਗਿਆਨ ਦੀ ਕੰਗਾਲੀ ਵੇਖ ਇਸ ਗੂੰਜ ਨੂੰ, ਇਸ ਅਨਾਦਿ ਨਾਦ ਨੂੰ ਵੀ ਧਮਾਕਾ ਕਹੀ ਜਾਂਦੇ ਆ. ਇਨ੍ਹਾਂ ਨੂੰ ਬੇਚਾਰਿਆਂ ਨੂੰ ਹਿੰਸਾ ਦੀ ਭਾਸ਼ਾ ਤੋਂ ਬਿਨਾਂ ਕੁਝ ਆਉਂਦਾ ਈ ਨਹੀਂ.
ਆਹ ਹਿੰਸਾ ਦੀ ਕਥਾ ਬੜੀ ਖ਼ਤਰਨਾਕ ਕਥਾ ਏ. ਖ਼ਤ ਤੇ ਹਿੰਸਾ ਦਾ ਬੜਾ ਅਜੀਬ ਰਿਸ਼ਤਾ ਏ. ਜਦੋਂ ਜੰਗ ਲੱਗੀ ਹੁੰਦੀ ਤਾਂ ਫੌਜੀ ਸਭ ਤੋਂ ਵੱਧ ਖ਼ਤ ਲਿਖਦੇ. ਇਕ ਖ਼ਤ ਨਾਲ ਪੂਰੀ ਜ਼ਿੰਦਗੀ ਦੀ ਹਿੰਸਾ ਨੂੰ ਧੋ ਲੈਂਦੇ. ਘਰਾਂ ਨੂੰ ਖ਼ਤਾਂ ਦੀ ਉਡੀਕ ਮੌਤ ਉਪਰ ਜਿੱਤ ਦੇ ਫਰਮਾਨ ਵਰਗੀ ਹੁੰਦੀ. ਜੇ ਖ਼ਤ ਨਾ ਹੁੰਦੇ ਜੰਗਾਂ ਹੋਰ ਵੀ ਭਿਆਨਕ ਹੋਣੀਆਂ ਸਨ. ਜੰਗ ਦੇ ਮੈਦਾਨ ਚ ਫੌਜੀ ਖ਼ਤਾਂ ਨੂੰ ਚੁੰਮਦਿਆਂ ਆਪਣਾ ਆਖ਼ਰੀ ਸਾਹ ਖ਼ਤ ਨੂੰ ਫੜ੍ਹਾ ਜਾਂਦੇ. ਹਵਾ ਚ ਜਿੰਨੀ ਕੁ ਮਿਠਾਸ ਬਚੀ ਹੈ, ਬਹੁਤੀ ਉਨ੍ਹਾਂ ਆਖ਼ਰੀ ਸਾਹਾਂ ਦੀ ਹੀ ਹੈ.
ਹੁਣ ਤਾਂ ਅਸੀਂ ਸਾਰੇ ਹੀ ਅਜੀਬ ਜਿਹੀ ਜੰਗ ਚ ਸ਼ਾਮਿਲ ਹਾਂ. ਫਿਰ ਵੀ ਖ਼ਤ ਨਹੀਂ ਲਿਖ ਰਹੇ…

– ਪਰਮਜੀਤ ਸਿੰਘ ਕੱਟੂ (ਲੰਮੇ ਖ਼ਤ ਦਾ ਅੰਸ਼)

Paramjeet Singh Kattu

ਖ਼ਤ ਦੀ ਕਥਾ…1

ਖ਼ਤ ਦੀ ਕਥਾ…1

ਮੈਂ ਤੈਨੂੰ ਖ਼ਤ ਲਿਖਣਾ ਚਾਹ ਰਿਹਾਂ, ਆਹ ਸਾਰੇ ਅੱਖਰ, ਸਾਰੇ ਸ਼ਬਦ ਕਤਾਰ ਬੰਨ੍ਹੀ ਖੜ੍ਹੇ ਇਕ ਦੂਜੇ ਨਾਲ ਧੱਕਮ ਧੱਕਾ ਹੋ ਰਹੇ ਨੇ. ਹਰ ਕੋਈ ਮੇਰੇ ਅਹਿਸਾਸਾਂ ਵਿਚ ਸਭ ਤੋਂ ਪਹਿਲਾਂ ਸ਼ਾਮਿਲ ਹੋਣਾ ਚਾਹੁੰਦਾ ਹੈ. ਇਹ ਤਰਸ ਗਏ ਨੇ ਸ਼ਾਇਦ, ਕਿਸੇ ਖ਼ਤ ਦਾ ਹਿੱਸਾ ਬਨਣੋਂ. ਬਸ ਅੱਧੇ-ਅਧੂਰੇ ਰਿਸ਼ਤਿਆਂ ਵਾਲੇ ਮੈਸਜਾਂ ਵਿਚ ਸ਼ਬਦ ਵੀ ਅੱਧੇ-ਅਧੂਰੇ ਈ ਵਰਤੇ ਜਾ ਰਹੇ ਨੇ. ਇਹ ਮੇਰੇ ਖ਼ਤ ਰਾਹੀਂ ਪੂਰਾ ਹੋਣਾ ਚਾਹੁੰਦੇ ਨੇ. ਜਿਵੇਂ ਮੈਂ ਤੈਨੂੰ ਮਿਲ ਕੇ ਪੂਰਨ ਹੋਣੈ…
ਹਾਂ, ਸੱਚ ਇਹ ਪੂਰੇ ਹੋਣ ਦੀ ਕਥਾ ਵੀ ਕਦੋਂ ਤੋਂ ਮੇਰੇ ਆਲੇ-ਦੁਆਲੇ ਚੱਕਰ ਕੱਟ ਰਹੀ ਏ. ਇਹਨੂੰ ਵੀ ਪਤਾ ਜਿਹਾ ਨਹੀਂ ਲੱਗ ਰਿਹਾ ਕਿ ਪੂਰਾ ਆਖ਼ਰ ਹੋਣਾ ਕਿਵੇਂ ਹੈ ਆਪਾਂ. ਤੂੰ ਅਰਧ-ਨਾਰੀ-ਈਸ਼ਵਰ ਬਾਰੇ ਤਾਂ ਸੁਣਿਆਂ ਹੋਵੇਗਾ. ਬਸ ਕਥਾ ਏਨੀ ਕੁ ਹੈ, ਤੂੰ ਆਪਣਾ ਅਧ-ਆਪਾ ਮੇਰੇ ਕੋਲੋ ਲੱਭ ਲਵੀਂ, ਮੇਰਾ ਅਧ-ਆਪਾ ਵੀ ਸ਼ਾਇਦ ਤੇਰੇ ਕੋਲੇ ਹੋਵੇਗਾ. ਭਾਵੇਂ ਸਿਆਣੇ ਆਪਣੇ ਅੰਦਰੋਂ ਲੱਭਣ ਦੀਆਂ ਸਿਆਣਪਾਂ ਦੱਸਦੇ ਨੇ ਅਕਸਰ ਤੇ ਇਹ ਰਾਹ ਇਕੋ ਹੈ. ਪਰ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਕਿ ਇਕੋ ਰਸਤੇ ਜਾਣ ਵਾਲੇ ਅਕਸਰ ਭਟਕ ਜਾਂਦੇ ਨੇ. ਆਪਾਂ ਅਣਜਾਣ ਰਾਹ ’ਤੇ ਚੱਲਦੇ ਹਾਂ, ਹੋ ਸਕਦੈ ਚੱਲਣ ਵੇਲੇ ਭਟਕ ਜਾਈਏ, ਪਹੁੰਚਣ ਤਕ ਜ਼ਰੂਰ ਸੰਭਲ ਜਾਵਾਂਗੇ.

– ਪਰਮਜੀਤ ਸਿੰਘ ਕੱਟੂ (ਲੰਮੇ ਖ਼ਤ ਦਾ ਅੰਸ਼)

Paramjeet Singh Kattu