ਮੁੜ ਮੁੜ ਫਰੋਲ਼ਦਾ ਹਾਂ

ਮੁੜ ਮੁੜ ਫਰੋਲ਼ਦਾ ਹਾਂ, ਹਰ ਪਰਤ ਜ਼ਿੰਦਗੀ ਦੀ ।
ਕਿਤਿਓਂ ਤਾਂ ਪੈੜ ਨਿਕਲੂ, ਉਸ ਗੁੰਮਸ਼ੁਦਾ ਖ਼ੁਸ਼ੀ ਦੀ ।

ਹਰ ਸਾਜ਼ ਦੇ ਰਿਹਾ ਹੈ ਇੱਕ ਬੇਸੁਰੀ ਅਲਾਹੁਣੀ,
ਮੋਏ ਸੁਰਾਂ ‘ਚ ਲਿਪਟੀ ਹੈ ਲਾਸ਼ ਬੰਸਰੀ ਦੀ ।

ਉਸ ਨੇ ਕਬੂਲਿਆ ਨਈਂ, ਸ਼ਬਦੀ ਲਿਬਾਸ ਪਾਉਣਾ,
ਸਫ਼ਿਆਂ ਤੇ ਜਾ ਕੇ ਮੁੱਕਰੀ ਸੀ ਕਲਪਨਾ ਕਵੀ ਦੀ ।

ਤਰਵਰ ਅਤੇ ਪੰਖੇਰੂ ਸਹਿਮੇ ਪਏ ਨੇ ਸਾਰੇ,
ਕਿਸ ਨੇ ਖ਼ਬਰ ਫੈਲਾਈ, ਜੰਗਲ਼ ‘ਚ ਅੱਗਜ਼ਨੀ ਦੀ ।

ਰਾਹੋਂ ਕੁਰਾਹੇ ਪੈ ਕੇ ਚੱਲੇ ਨੇ ਲੋਕ ਕਿੱਧਰ,
ਇਹ ਕੌਣ ਕਰ ਰਿਹਾ ਹੈ ਹੁਣ ਮਸ਼ਕ ਰਾਹਬਰੀ ਦੀ ।

ਦੀਵੇ, ਹਨੇਰਿਆਂ ਦੀ ਮਹਿਫ਼ਲ ‘ਚ ਜਾ ਕੇ ਨੱਚੇ,
ਕਿੰਨੀ ਤੌਹੀਨ ਹੋਈ ਉਸ ਰਾਤ ਰੌਸ਼ਨੀ ਦੀ ।

مڑ مڑ پھرولدا ہاں، ہر پرط زندگی دی ۔
کتیوں تاں پیڑ نکلو، اس گمشدا خوشی دی ۔

ہر ساز دے رہا ہے اک بے سری الاہنی،
موئے سراں ‘چ لپٹی ہے لاش بنسری دی ۔

اس نے قبولیا نئیں، شبدی لباس پاؤنا،
صفیاں تے جا کے مکری سی کلپنا کوی دی ۔

ترور اتے پنکھیرو سہمے پئے نے سارے،
کس نے خبر پھیلائی، جنگل ‘چ اگزنی دی ۔

راہوں کراہے پے کے چلے نے لوک کدھر،
ایہہ کون کر رہا ہے ہن مشق راہ بری دی ۔

دیوے، ہنیریاں دی محفل ‘چ جا کے نچے،
کنی توہین ہوئی اس رات روشنی دی ۔

Rajwant Raj

ਛੁਹਾਇਆ ਪੈਰ ਹੀ ਉਸ ਨੇ

ਛੁਹਾਇਆ ਪੈਰ ਹੀ ਉਸ ਨੇ ਅਜੇ ਬੱਸ ਨਾਲ ਪੱਥਰ ਦੇ ।
ਕਿ ਟੁੱਟ ਕੇ ਅਹੁ ਗਏ ਸਾਰੇ ਦੇ ਸਾਰੇ ਬੋਰ ਝਾਂਜਰ ਦੇ ।

ਜਦੋਂ ਉਹ ਸਿੱਪੀਆਂ ਨੂੰ ਕੰਢਿਆਂ ਤੇ ਸੁੱਟ ਕੇ ਮੁੜਿਆ,
ਕਈ ਮੋਤੀ ਮੁਖ਼ਾਲਫ਼ ਹੋ ਗਏ ਆਪਣੇ ਹੀ ਸਾਗਰ ਦੇ ।

ਉਹ, ਜਿਸ ਦੇ ਪਾਸ ਹੁੰਦੇ ਹਨ ਉਹਦੇ ਹੀ ਖਾਸ ਹੁੰਦੇ ਹਨ,
ਜੇ ਏਧਰ ਨੇ ਤਾਂ ਏਧਰ ਦੇ, ਜੇ ਓਧਰ ਨੇ ਤਾਂ ਓਧਰ ਦੇ ।

ਅਜੇ ਤੱਕ ਤੂੰ ਹਕੂਮਤ ਦੀ ਰਤਾ ਨਾ ਕੀਰਤੀ ਕੀਤੀ,
ਅਜੇ ਤੂੰ ਯੋਗ ਨਾ ਹੋਇਆ, ਕਿਸੇ ਵੀ ਮਾਣ ਆਦਰ ਦੇ ।

ਬੜੀ ਹੈਰਤ ਹੈ ਬਾਜ਼ਾਂ ਨੂੰ ਉਹ ਲਾ ਕੇ ਘਾਤ ਬੈਠੇ ਸੀ,
ਕਬੂਤਰ ਕਿਸ ਤਰ੍ਹਾਂ ਗੇੜੇ ਲਗਾ ਆਇਆ ਹੈ ਅੰਬਰ ਦੇ ।

ਕੁਚੱਜੀ ਰਾਜ ਨੀਤੀ ਨੇ ਪਤਾ ਲੱਗਣ ਹੀ ਨਾ ਦਿੱਤਾ,
ਕਿ ਵੱਸਦੇ ਆਪਣੇ ਵਰਗੇ ਹੀ ਓਧਰ ਪਾਰ ਬਾਡਰ ਦੇ ।

چھہایا پیر ہی اس نے اجے بسّ نال پتھر دے ۔
کہ ٹٹّ کے اہُ گئے سارے دے سارے بور جھانجر دے ۔

جدوں اوہ سپیاں نوں کنڈھیاں تے سٹّ کے مڑیا،
کئی موتی مخالف ہو گئے اپنے ہی ساگر دے ۔

اوہ، جس دے پاس ہندے ہن اوہدے ہی خاص ہندے ہن،
جے ایدھر نے تاں ایدھر دے، جے اودھر نے تاں اودھر دے ۔

اجے تکّ توں حکومت دی رتا نہ کیرتی کیتی،
اجے توں یوگ نہ ہویا، کسے وی مان آدر دے ۔

بڑی حیرت ہے بازاں نوں اوہ لا کے گھات بیٹھے سی،
کبوتر کس طرحاں گیڑے لگا آیا ہے امبر دے ۔

کچجی راج نیتی نے پتہ لگن ہی نہ دتا،
کہ وسدے اپنے ورگے ہی اودھر پار باڈر دے ۔

Rajwant Raj