ਖਿਚੜੀ

ਖਿਚੜੀ ਵੀ ਦਲੀਏ ਵਾਂਗ ਹੀ ਹਲਕੀ, ਛੇਤੀ ਹਜ਼ਮ ਹੋਣ ਵਾਲੀ ਖੁਰਾਕ ਹੈ। ਹੋਰ ਕਈ ਰਵਾਇਤੀ ਖਾਣਿਆਂ ਦੇ ਨਾਲ ਨਾਲ ਖਿਚੜੀ ਨੂੰ ਵੀ ਅੱਜਕੱਲ ਬੀਮਾਰਾਂ ਦਾ ਖਾਣਾ ਕਹਿ ਕੇ ਛੱਡ ਦਿੱਤਾ ਗਿਆ ਹੈ। ਪਰ ਕੋਈ ਤਿੰਨ ਦਹਾਕੇ ਪਹਿਲਾਂ ਤੱਕ ਮੋਠ ਤੇ ਬਾਜਰੇ ਦੀ ਖਿਚੜੀ ਲੋਕਾਂ ਦੀ ਰੋਜ਼ਮਰਾ ਦੀ ਖੁਰਾਕ ਦਾ ਹਿੱਸਾ ਰਹੀ ਹੈ। ਖਿਚੜੀ ਨੂੰ ਬੀਮਾਰਾਂ ਦਾ ਖਾਣਾ ਕਹਿਣ ਵਾਲਿਆਂ ਲਈ ਇੱਕ ਕਹਾਵਤ ਹੈ –
ਖਿਚੜੀ ਤੇਰੇ ਚਾਰ ਯਾਰ
ਦਹੀਂ, ਪਾਪੜ ਤੇ ਘੀ ਅਚਾਰ।
ਯਾਨੀ ਖਿਚੜੀ ਨੂੰ ਖਾਣ ਦੇ ਵੱਖ ਵੱਖ ਤਰੀਕੇ ਮੌਜੂਦ ਰਹੇ ਹਨ। ਅਸੀਂ ਕੁੱਝ ਤਰਾਂ ਦੀ ਖਿਚੜੀ ਦੀ ਵਿਧੀ ਏਥੇ ਦਰਜ ਕਰ ਰਹੇ ਹਾਂ।
ਮੋਠ ਤੇ ਚਾਵਲਾਂ ਦੀ ਖਿਚੜੀ
ਸਮਗਰੀ:
ਚੌਲ : ਦੋ ਗਿਲਾਸ
ਮੋਠ : ਅੱਧਾ ਗਿਲਾਸ
ਪਾਣੀ : 5-6 ਗਿਲਾਸ
ਵਿਧੀ: ਮੋਠਾਂ ਨੂੰ ਨਰਮ ਹੋਣ ਤੱਕ ਪਾਣੀ ਵਿੱਚ ਉਬਾਲੋ। ਜਦੋਂ ਮੋਠ ਨਰਮ ਹੋ ਜਾਣ ਤਾਂ ਵਿੱਚ ਚੌਲ ਪਾ ਦਿਓ। 45 ਮਿੰਟ ਰਿੰਨੋ ਫਿਰ ਸਵਾਦ ਅਨੁਸਾਰ ਲੂਣ ਮਿਰਚ ਪਾ ਲਓ। ਖਿਚੜੀ ਤਿਆਰ ਹੈ। ਪਿਆਜ਼ ਦਾ ਤੜਕਾ ਵੀ ਲਾਇਆ ਜਾ ਸਕਦਾ ਹੈ।
ਮੋਠ ਬਾਜਰੇ ਦੀ ਖਿਚੜੀ
ਸਮਗਰੀ (ਪੰਜ ਜਣਿਆਂ ਲਈ)
ਬਾਜਰਾ : ਅੱਧ-ਪਾ
ਮੋਠ : ਅੱਧ -ਪਾ
ਪਾਣੀ : 7 ਗਲਾਸ
ਵਿਧੀ : ਬਾਜਰੇ ਨੂੰ ਸਾਫ ਕਰਕੇ ਧੋ ਕੇ ਅੱਧੇ ਘੰਟੇ ਲਈ ਭਿਉਂ ਦਿਓ। ਉਪਰੰਤ ਇਸ ਨੂੰ ਕੁੱਟ ਕੇ ਛਿਲਕਾ ਲਾਹਕੇ ਪ੍ਰੈਸ਼ਰ ਕੂਕਰ ਵਿਚ ਤੀਹ ਮਿੰਟ ਪਕਾਓ। ਇਸ ਤੋਂ ਬਾਅਦ ਖੋਲ ਕੇ ਪਾਣੀ ਦੇਖੋ, ਜੇਕਰ ਪਾਣੀ ਘੱਟ ਹੋਵੇ ਤਾਂ ਲੋੜ ਅਨੁਸਾਰ ਹੋਰ ਪਾਣੀ ਪਾ ਕੇ 15 ਮਿੰਟ ਹੋਰ ਪਕਾਓ। ਇਸ ਨੂੰ ਘਿਓ ਪਾ ਕੇ ਲੱਸੀ ਨਾਲ ਖਾਧਾ ਜਾ ਸਕਦਾ ਹੈ।

ਅਗਿਆਤ