ਬੈਠਾ ਹੈ


ਇਮਾਰਤ ਅੰਦਰ ਇਬਾਦਤ ਲਈ , ਭਾਵੇਂ ਜ਼ਮਾਨਾ ਬੈਠਾ ਹੈ
ਨਜ਼ਰ ਰਾਹਗੁਜ਼ਰ ‘ਤੇ ਵੀ ਮਾਰੀਂ ਕੋਈ ਤੇਰਾ ਦੀਵਾਨਾ ਬੈਠਾ ਹੈ

ਇਸਨੂੰ ਜਲਿਆਂ ਤਾਂ ਮੁੱਦਤ ਹੋਈ ਪਰ ਹੁਣ ਤੜਪ ਕਿੱਥੋਂ ਉੱਠੀ
ਸ਼ਮੇਂ – ਆਤਿਸ਼ ਦੇ ਨੱਚਣ ਨੂੰ , ਅੱਜ ਫਿਰ ਪਰਵਾਨਾ ਬੈਠਾ ਹੈ

ਜ਼ਹਿਨ ਅੰਦਰ ਰੀਝਾਂ ਦੇ ਗੁਲਾਬ, ਮਹਿਕਣਗੇ ਦੇਖੋ ਕਦ ਤਲਕ
ਰੰਗੀਨ ਹਵਾ ਦੇ ਜ਼ੱਰੇ – ਜ਼ੱਰੇ ‘ਚ , ਛੁਪ ਕੇ ਵੀਰਾਨਾ ਬੈਠਾ ਹੈ

ਇੱਕ ਕੋਸ਼ਿਸ਼ ਹੈ ਸੀਨੇ ‘ਚੋਂ , ਉਹ ਤੀਰ ਪੁਰਾਣਾ ਕੱਢਣ ਦੀ
ਇੱਕ ਉਹ ਹੈ ਜੋ ਫ਼ਿਰ ਤੋਂ , ਖਿੱਚ ਕੇ ਨਿਸ਼ਾਨਾ ਬੈਠਾ ਹੈ

ਕੀ ਵਜਹਾ ਇਸ ਸਰੂਰ ਦੀ , ਸ਼ਰਾਬ ਘੁਟਨੇ ਟੇਕ ਪੁੱਛੇ
ਪਿਆਲਾ ਹੱਥਾਂ ‘ਚ ਫੜਕੇ , ਮੇਰੇ ਅੱਗੇ ਮੈਯ਼ਖਾਨਾ ਬੈਠਾ ਹੈ

ਦਾਦ ਤਾਂ ਬਣੇ ਜੁਨੂੰਨ-ਏ-ਇਸ਼ਕ ਦੀ , ਕਿ ਤੇਰੇ ਦਰ ਉੱਤੋਂ
ਮੈਨੂੰ ਉੁੱਠਿਆਂ ਤਾਂ ਮੁੱਦਤ ਹੋਈ ਪਰ ਮੇਰਾ ਅਫ਼ਸਾਨਾ ਬੈਠਾ ਹੈ

ਹਾਲ-ਏ-ਦਿਲ , ਮੌਜ-ਏ-ਗਾਫ਼ਿਲ , ਦੱਸੇ ਤਾਂ ਜੇ ਹੋਸ਼ ਰੱਖੇ
‘ਦੀਪ’ ਇਸ ਕਦਰ ਆਪਣੇ ਆਪ ਤੋਂ ਹੋ ਕੇ ਬੇਗ਼ਾਨਾ ਬੈਠਾ ਹੈ

——ਸੁਖਦੀਪ


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *