ਮੁਹੱਬਤ ਸ਼ਾਮਾਂ ਨੂੰ ਸੂਰਜ ਵਾਂਗ


ਮੁਹੱਬਤ ਸ਼ਾਮਾਂ ਨੂੰ ਸੂਰਜ ਵਾਂਗ , ਜਦ ਥੱਲੇ ਨੂੰ ਢਲਦੀ ਹੈ
ਲਾਲੀ ਵਾਂਗ ਖੂਨ ‘ਚੋਂ ਤਲਖ਼ ਚੀਕ , ਉੱਪਰ ਨੂੰ ਨਿਕਲਦੀ ਹੈ

ਜ਼ਿੰਦਗੀ ਵੀ ਇਹ ਸ਼ਾਇਦ, ਦਿਲ ਦੇ ਨਕਸ਼-ਏ-ਕਦਮ ਚੱਲੇ
ਠੋਕਰਾਂ ਖਾ ਕੇ ਜਦੋਂ ਟੁੱਟਦੀ ਹੈ , ਉਦੋਂ ਹੀ ਸੰਭਲਦੀ ਹੈ

ਜੋ ਮੂੰਹ ‘ਚ ਰਹਿ ਗਏ ਅਲਫਾਜ਼, ਖੁਆਬਾਂ ਵਾਂਗ ਸੁਲਗ ਰਹੇ
ਉਹ ਜਲਦੀ ‘ਚ ਕੀ ਗਈ , ਰੂਹ ਅਜੇ ਤੀਕ ਜਲ਼ਦੀ ਹੈ

ਕਾਇਨਾਤ -ਏ- ਸੂਰਤ ਤੋਂ ਜਦੋਂ , ਪਰਦਾ ਉਠਾ ਕੇ ਵੇਖਿਆ
ਸ਼ਕਲ ਇਸ ਦੀ ਵੀ ਥੋੜੀ-ਥੋੜੀ , ਉਸ ਦੇ ਨਾਲ ਮਿਲਦੀ ਹੈ

ਇਹ ਮੰਜ਼ਿਲ , ਉਹ ਮੰਜ਼ਿਲ , ਸਭ ਪਾ ਲਏ ਸ਼ੌਹਰਤ ਨਾਲ
ਪਰ ਕੋਈ ਕਮੀ ਹੈ ਦਿਲ ਨੂੰ , ਜੋ ਪੈਰ-ਪੈਰ ‘ਤੇ ਖਲਦੀ ਹੈ

ਨਚਦੇ ਪਰਵਾਨੇ ਜਿਸ ਤਰਾਂ, ਇਸ਼ਕ ਦੀ ਆਤਿਸ਼ ਦੇ ਉੱਤੇ
ਉਸੇ ਤਰਾਂ ਮਹਿਫ਼ਿਲ – ਏ – ਸ਼ਮਾਂ , ਮੇਰੇ ਅੱਗੇ ਮਚਲਦੀ ਹੈ

ਇਹ ਜਾਣਦਾ ਹਾਂ ਕਿ ‘ਦੀਪ’ ਤਾਂ, ਬੁਝ ਚੁੱਕਾ ਹੈ ਮੁੱਦਤ ਦਾ
ਇਹ ਨਹੀਂ ਜਾਣਦਾ ਕਿ ਲੋਅ ਕਿਵੇਂ , ਹਾਲੇ ਵੀ ਬਲਦੀ ਹੈ

—-ਸੁਖਦੀਪ

Sukhdeep Aujla

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *