ਮੁੜ ਮੁੜ ਫਰੋਲ਼ਦਾ ਹਾਂ


ਮੁੜ ਮੁੜ ਫਰੋਲ਼ਦਾ ਹਾਂ, ਹਰ ਪਰਤ ਜ਼ਿੰਦਗੀ ਦੀ ।
ਕਿਤਿਓਂ ਤਾਂ ਪੈੜ ਨਿਕਲੂ, ਉਸ ਗੁੰਮਸ਼ੁਦਾ ਖ਼ੁਸ਼ੀ ਦੀ ।

ਹਰ ਸਾਜ਼ ਦੇ ਰਿਹਾ ਹੈ ਇੱਕ ਬੇਸੁਰੀ ਅਲਾਹੁਣੀ,
ਮੋਏ ਸੁਰਾਂ ‘ਚ ਲਿਪਟੀ ਹੈ ਲਾਸ਼ ਬੰਸਰੀ ਦੀ ।

ਉਸ ਨੇ ਕਬੂਲਿਆ ਨਈਂ, ਸ਼ਬਦੀ ਲਿਬਾਸ ਪਾਉਣਾ,
ਸਫ਼ਿਆਂ ਤੇ ਜਾ ਕੇ ਮੁੱਕਰੀ ਸੀ ਕਲਪਨਾ ਕਵੀ ਦੀ ।

ਤਰਵਰ ਅਤੇ ਪੰਖੇਰੂ ਸਹਿਮੇ ਪਏ ਨੇ ਸਾਰੇ,
ਕਿਸ ਨੇ ਖ਼ਬਰ ਫੈਲਾਈ, ਜੰਗਲ਼ ‘ਚ ਅੱਗਜ਼ਨੀ ਦੀ ।

ਰਾਹੋਂ ਕੁਰਾਹੇ ਪੈ ਕੇ ਚੱਲੇ ਨੇ ਲੋਕ ਕਿੱਧਰ,
ਇਹ ਕੌਣ ਕਰ ਰਿਹਾ ਹੈ ਹੁਣ ਮਸ਼ਕ ਰਾਹਬਰੀ ਦੀ ।

ਦੀਵੇ, ਹਨੇਰਿਆਂ ਦੀ ਮਹਿਫ਼ਲ ‘ਚ ਜਾ ਕੇ ਨੱਚੇ,
ਕਿੰਨੀ ਤੌਹੀਨ ਹੋਈ ਉਸ ਰਾਤ ਰੌਸ਼ਨੀ ਦੀ ।

مڑ مڑ پھرولدا ہاں، ہر پرط زندگی دی ۔
کتیوں تاں پیڑ نکلو، اس گمشدا خوشی دی ۔

ہر ساز دے رہا ہے اک بے سری الاہنی،
موئے سراں ‘چ لپٹی ہے لاش بنسری دی ۔

اس نے قبولیا نئیں، شبدی لباس پاؤنا،
صفیاں تے جا کے مکری سی کلپنا کوی دی ۔

ترور اتے پنکھیرو سہمے پئے نے سارے،
کس نے خبر پھیلائی، جنگل ‘چ اگزنی دی ۔

راہوں کراہے پے کے چلے نے لوک کدھر،
ایہہ کون کر رہا ہے ہن مشق راہ بری دی ۔

دیوے، ہنیریاں دی محفل ‘چ جا کے نچے،
کنی توہین ہوئی اس رات روشنی دی ۔

Rajwant Raj

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *