Akhran Da Vanjara ਅੱਖਰਾਂ ਦਾ ਵਣਜਾਰਾ

ਗਲੀ ਗਲੀ ਮੈਂ ਢੂੰਡਾ ਗ੍ਰਾਹਕ
ਫਿਰਦਾ ਮੈਂ ਅੱਜ ਹਾਰਾ ਹਾਰਾ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ

ਦੂਰ ਦੂਰ ਤੱਕ ਕੋਈ ਨਾ ਦਿਖਦਾ
ਅੰਗਰੇਜ਼ੀ ਅੱਖਰ ਛੋਟਾ ਤੇ ਬੜਾ ਵੀ ਵਿਕਦਾ
ਪੰਜਾਬੀ’ਚ ਪੰਜਾਬੀ ਨਾਂਵ ਨਾ ਲਿਖਦਾ
ਦੁੱਖ ਨਾ ਸਹਿਣ ਹੋਵੇ ਏ ਭਾਰਾ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ

ਪਹਿਲਾਂ ਪਹਿਲ ਤੋਂ ਊੜਾ ਛੱਡਿਆ
ਹੌਲੀ ਹੌਲੀ ਜੂੜਾ ਵੀ ਵੱਢਿਆ
ਨਿਘਾਰ ਵੱਲ ਵੇ ਕਿਉਂ ਜਾਵੇ ਭੱਜਿਆ
ਮੁੜ ਆ ਜਾ ਵੇ ਵਾਜਾਂ ਮਾਰਾ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ

ਊੜੇ ਤੋਂ ੜਾੜੇ ਤੱਕ ਭੁੱਲਿਆ
ਸਿਹਾਰੀ ਬਿਹਾਰੀ ਕੰਨਾ ਟਿੱਪੀ ਸਭ ਰੁਲਿਆ
ਲਾਵ,ਦੁਲਾਵ ਸਣੇ ਉਂਕੜ,ਦੁਲੈਂਕੜ ਵੀ ਡੁੱਲਿਆ
ਬਹਿ ਹੋੜਾ,ਕਨੌੜਾ ਕਰੇ ਅੱਦਕ ਨਾਲ ਵਿਚਾਰਾਂ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ

ਹਲੇ ਵੀ ਸਮਾਂ ਸੰਭਲੋ ਪੰਜਾਬੀਓ
ਇਕੱਠੇ ਹੋਵੋ ਮਲਵਈ ਮਾਝੀ ਦੁਆਬੀਓ
ਪੀੜ ਸਾਡੇ ਤੇ ਪਈ ਏ ਡਾਹਡਿਓ
“ਤੇਜਿੰਦਰਪਾਲ” ਅਰਜ਼ ਕਰੇ ਬੇਚਾਰਾ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ

ਗਲੀ ਗਲੀ ਮੈਂ ਢੂੰਡਾ ਗ੍ਰਾਹਕ
ਫਿਰਦਾ ਮੈਂ ਅੱਜ ਹਾਰਾ ਹਾਰਾ
ਹੋਕਾ ਦੇ ਦੇ ਪੈਂਤੀ ਵੇਚਾਂ
ਮੈਂ ਅੱਖਰਾਂ ਦਾ ਵਣਜਾਰਾ….

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

ਕਲਾਕਾਰੀ: ਸਾਗਰਪ੍ਰੀਤ