ਇਹ ਵੀ ਮਹੁੱਬਤ

ਬੜਾ ਫ਼ਰਕ ਏ ਹੁਣ ਦੀ ਮਹੁੱਬਤ ਤੇ
ਕਈ ਅਰਸੇ ਪਹਿਲਾਂ ਦੀ ਮਹੁੱਬਤ ‘ਚ
ਮੇਰੀ ਮਾਂ ਤੇ ਪਿਓ ਨੇ ਬਿਨਾਂ ਦੇਖੇ ਹੀ
ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ
ਨਾ ਹੀ ਉਹਨਾਂ ਵਿਆਹ ਤੋਂ ਪਹਿਲਾਂ
ਇਕੱਠੇ ਸੁਪਨੇ ਬੁਣੇ
ਪੱਲੇ ਬੰਨੇ ਤਾਂ ਜਨਮਾਂ ਦੇ ਸਾਥੀ ਬਣ ਗਏ
ਕਿੰਨੇ ਸਾਰੇ ਸੁਪਨਿਆਂ ਦੀ ਚਾਦਰ ਬੁਣ ਲਈ
ਕਦੀ ਵੀ ਬੋਝ ਨਹੀਂ ਮੰਨਿਆ ਉਹਨਾਂ ਇਸ ਰਿਸ਼ਤੇ ਨੂੰ
ਵਡੇਰਿਆਂ ਦੇ ਕੀਤੇ ਫੈਸਲੇ ਸਿਰ ਮੱਥੇ ਮੰਨ ਨਿਭਾ ਰਹੇ ਨੇ
ਮੇਰੀ ਮਾਂ ਨੇ ਕਦੇ ਨਾਮ ਨਹੀਂ ਲਿਆ ਮੇਰੇ ਬਾਪ ਦਾ
ਪਰ ਓਹ ਪਿਓ ਦੇ ਨਾਮ ਨਾਲ ਜੁੜ ਕੇ ਖੁਸ਼ ਏ
ਜਦ ਕੋਈ ਕਹਿੰਦਾ ਏਹ ਫਲਾਣੇ(ਪਿਓ ਦਾਂ ਨਾਂ) ਦੇ ਘਰੋਂ ਆ
ਮੇਰੀ ਮਾਂ ਉਦੋ ਸੰਪੂਰਨ ਮਹਿਸੂਸ ਕਰਦੀ ਏ
ਪਿਓ ਥੱਕਿਆ ਖੇਤੋਂ ਆਉਂਦਾ ਤਾਂ
ਮਾਂ ਝੱਟ ਪਾਣੀ ਦਾ ਗਲਾਸ ਲੈ ਆਉਂਦੀ ਏ
ਕਿਉਂ ਕਿ ਮੇਰੇ ਪਿਉਂ ਦੇ ਬਿਨਾਂ ਬੋਲੇ ਹੀ
ਉਸਦੇ ਦਰਦ ਜਾਣ ਲੈਂਦੀ ਏ
ਮੇਰੇ ਮਾਂ ਬਾਪ ਕਦੀ ਥਿਏਟਰ ਚ ਮੂਵੀ ਦੇਖਣ ਨਹੀਂ ਗਏ
ਤੇ ਨਾ ਹੀ ਪਿਓ ਨੇ ਮਾਂ ਨੂੰ ਕਦੀ ਸਰਪ੍ਰਾਈਜ਼ ਗਿਫ਼ਟ ਦਿੱਤਾ ਹੋਣਾ
ਨਾ ਹੀ ਉਹਨਾਂ ਨੂੰ ਇੱਕ ਦੂਸਰੇ ਦੇ ਜਨਮ ਦਿਨ ਯਾਦ ਹੋਣੇ ਆ
ਵਿਆਹ ਦੀ ਸਾਲ ਗਿਰਾਹ ਵੀ ਨਹੀਂ ਯਾਦ ਹੋਣੀ
ਓਹ ਤੇ ਬੱਸ ਸ਼ੰਤੁਸ਼ਟਤਾ ਦੀ ਜਿੰਦਗੀ ਜਿਉਂਦੇ ਨੇ
ਓਹਨਾਂ ਲਈ ਹਰ ਦਿਨ ਖਾਸ ਹੈ
ਕਿਉਂ ਕਿ ਓਹ ਹਰ ਦਿਨ ਇਕੱਠੇ ਬੈਠਦੇ ਹਨ,
ਦੁੱਖ ਸੁੱਖ ਕਰਦੇ ਹਨ
ਏਹੀ ਤਾਂ ਅਸਲ ਮਹੁੱਬਤ ਹੈ ।