ਰਾਜ਼

ਕਦੇ ਕਦੇ ਸੋਚਦਾ ਵੀ
ਇਹ ਰਾਜ਼ ਵੀ ਕਿੰਨੇ ਹਸੀਨ ਹੁੰਦੇ ਨੇ ਨਾ
ਜਿਹੜੇ ਸਾਰੀ ਸਾਰੀ ਉਮਰ ਖੁੱਲਦੇ ਈ ਨੀ
ਬਸ ਰਾਜ਼ ਈ ਰਹਿ ਜਾਂਦੇ ਨੇ
ਤੇ ਮੈਨੂੰ ਬੜਾ ਵਧੀਆ ਲੱਗਦਾ
ਕਦੇ ਨਾ ਖੁੱਲਣ ਵਾਲੇ ਰਾਜ਼ਾਂ ਨੂੰ
ਇਵੇਂ ਬਿੰਦ ਘੜੀ ਟਟੋਲਦੇ ਰਹਿਣਾ
ਤੇ ਇਹ ਖੇਡ ਉਦੋਂ
ਹੋਰ ਵੀ ਦਿਲਚਸਪ ਬਣ ਜਾਂਦੀ ਏ
ਜਦੋਂ ਇਹ ਖੁੱਲ੍ਹਣ ਦੀ ਬਜਾਏ
ਹੋਰ ਗੁੰਝਲਦਾਰ ਹੋ ਜਾਂਦੇ ਨੇ
ਤੇ ਮੈਂ ਲੱਗਿਆ ਰਹਿਣਾ
ਇਨ੍ਹਾਂ ਨੂੰ ਖੋਲ੍ਹਣ ਤੇ
ਆਪਣੇ ਗੁੰਝਲੇ ਦਿਮਾਗ ਦੀਆਂ
ਤੰਦਾਂ ਸੁਲਝਾਉਣ ਲਈ
ਕਦੇ ਕਦੇ ਮੈਂ ਕਲਪ ਕੇ ਹਟ ਜਾਣਾ
ਤੇ ਚਲਾ ਜਾਂਦਾ ਇਨ੍ਹਾਂ ਤੋਂ ਕੋਹਾਂ ਦੂਰ
ਹੰਢ ਰਹੀ ਜ਼ਿੰਦਗੀ ਦੇ ਨੇੜੇ
ਤੇ ਖਿਝਿਆ ਰਹਿੰਦਾ
ਇਨ੍ਹਾਂ ਦਾ ਭੇਤ ਨਾ ਪਾਉਣ ਕਰਕੇ
ਫੇਰ ਮੈਂ ਇਕਾਂਤ’ਚ ਬਹਿ ਕੇ ਸੋਚਦਾ
ਵੀ ਇਹ ਵਾਕਿਆ ਈ ਬੜੇ ਹਸੀਨ ਨੇ
ਜਿਹੜੇ ਹਰ ਪਲ
ਸਾਡੇ ਦਿਮਾਗ’ਚ ਹਲਚਲ
ਮਚਾਈ ਰੱਖਦੇ ਨੇ
ਤੇ ਸਾਡੀ ਸੋਚਾਂ ਦੇ ਖੰਭਾਂ ਨੂੰ
ਦਿੰਦੇ ਨੇ ਮੌਕਾ ਲੰਮੀ ਉਡਾਰੀ ਭਰਨ ਦਾ
ਤੇ ਜੇ ਕਿਤੇ ਏ ਰਾਜ਼
ਰਾਜ਼ ਨਾ ਰਹਿ ਕੇ
ਸਮੇਂ ਤੋਂ ਪਹਿਲਾਂ ਈ ਖੁੱਲ੍ਹਦੇ ਰਹਿੰਦੇ
ਤਾੰ ਸਾਡੀ ਸੋਚ ਨੇ ਵੀ
ਸਾਡੀ ਜ਼ਿੰਦਗੀ ਵਾਂਗ
ਖੋਖਲੀ ਈ ਰਹਿ ਜਾਣਾ ਸੀ
ਸਿਰਫ਼ ਦੁਨੀਆਵੀ ਲੋੜਾਂ ਦੀ ਪੂਰਤੀ ਤੱਕ
ਸਿਰਫ਼ ਮੇਰੀ ਤੋਂ ਮੈਂ ਤੱਕ

~ ਤੇਜਿੰਦਰਪਾਲ ਸਿੰਘ Tejinderpal Singh Buall
( ਸ਼ੈਲੀ ਬੁਆਲ )
ਸ਼ਮਸ਼ਪੁਰ
•੨੨ ਮਈ ੨੦੧੭•

ਅਪਾਹਜ

ਅਸੀਂ ਸਰਕਾਰੀ ਸਕੂਲ ਵਿੱਚ ਤਿੰਨ ਅਧਿਆਪਕ ਹਾਂ। ਪਿੰਡ ਦੀ ਹੀ ਇੱਕ ਪੋਲੀਉ -ਪੀੜਤ
ਕੁੜੀ ਹਰਜੀਤ , ਨੂੰ ਘਰੋਂ ਗਰੀਬ ਹੋਣ ਕਰਕੇ ਅਸੀਂ ਆਪਣੇ ਸਕੂਲ ਪੜਾਉਣ ਲਈ ਸਹਾਇਕ ਵਜੋਂ ਰੱਖਿਆ ਹੋਇਆ ਹੈ।
ਸ਼ੈਸ਼ਨ ਮੁੱਕਣ ਵਾਲਾ ਹੈ ਤੇ ਬੱਚਿਆਂ ਦੀ ਗਿਣਤੀ ਦਿਨੋਂ -ਦਿਨ ਘਟਦੀ ਜਾ ਰਹੀ ਹੈ। ਸਾਰੇ ਸਟਾਫ਼ ਨੂੰ ਇਕੱਠੇ ਕਰਕੇ ਕਿਹਾ ਕਿ ਆਪਾਂ ਨੂੰ ਬੱਚਿਆਂ ਦੇ ਦਾਖ਼ਲੇ ਲਈ , ਪਿੰਡ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਵਾਸਤੇ ਗੇੜਾ ਲਾਉਣਾ ਚਾਹੀਦਾ ਹੈ ।
ਸੁਣਦੇ ਸਾਰ ਹੀ ਸਾਥੀ ਅਧਿਆਪਕਾ ਨੇ ਹੱਥ ਖੜੇ ਕਰ ਦਿੱਤੇ, ਅਖੇ, ਮੇਰੇ ਹਸਬੈਂਡ ਨੀ ਮੇਰਾ ਇਸ ਤਰਾਂ ਪਿੰਡ ਵਿੱਚ ਫਿਰਨਾ ਅਲਾਉ ਕਰਦੇ ।
ਨਾਲਦੇ ਪੁਰਸ਼ ਅਧਿਆਪਕ ਨੇ ਵੀ ਮੂੰਹ-ਤੋੜਵਾਂ ਜਵਾਬ ਦੇ ਦਿੱਤਾ ਕਿ ਆਪਾਂ ਤਾਂ ” ਵਿਹੜੇ ” ਚ ਗੇੜਾ ਦੇ ਨੀਂ ਸਕਦੇ।
ਮੈਂ ਸੁੰਨ ਜਿਹਾ ਹੋ ਕੇ ਬੈਠ ਗਿਆ।
ਮੇਰਾ ਚਿਹਰਾ ਦੇਖ ਕੇ ਹਰਜੀਤ ਉੱਠ ਕੇ ਬਾਹਰ ਚਲੀ ਗਈ।
ਕੁੱਝ ਸਮਾਂ ਬਾਅਦ ਬਾਹਰੋਂ ਨਾਅਰਿਆਂ ਦੀਆਂ ਅਵਾਜਾਂ ਸੁਣਾਈ ਦੇਣ ਲੱਗੀਆਂ ।
ਵਰਦੀ ਫਰੀ
ਦਾਖਲਾ ਫ਼ਰੀ
ਕਿਤਾਬਾਂ ਫ਼ਰੀ
ਬਾਹਰ ਜਾ ਕੇ ਦੇਖਿਆ ਹਰਜੀਤ ਲੰਗ -ਮਾਰਦੀ , ਆਪਣੀਆਂ ਵਿਸਾਖੀਆਂ ਸਹਾਰੇ , ਬੁਲੰਦ ਆਵਾਜ਼ ਵਿੱਚ ਬੱਚਿਆਂ ਦੀ ਅਗਵਾਈ ਕਰ ਰਹੀਂ ਸੀ।
ਸਮਝ ‘ਚ ਨੀਂ ਸੀ ਆ ਰਿਹਾ ਕਿ
ਅਪਾਹਜ ਕੌਣ ਸੀ ?

-ਅਗਿਆਤ-