ਅਮੀਰ ਚੋਰ ਗਰੀਬ ਚੋਰ

ਤੂੰ ਦੱਸ ਕਾਹਤੋਂ ਐਵੈਂ ਘਬਰਾਈ ਫਿਰਦਾ
ਸਭੇ ਪਾਸੇ ਮਚੀ ਹਾਹਾਕਾਰ ਮੀਆਂ
ਵੱਡੇ ਛੋਟੇ ਸਾਰੇ ਈ ਬੇਈਮਾਨ ਹੋਗੇ
ਤਾਹੀਓਂ ਲੋਕਾਈ ਤੇ ਡਾਹਡਾ ਭਾਰ ਮੀਆਂ
ਗਰੀਬ ਦੀ ਚੋਰੀ ਨੂੰ ਸਾਰੇ ਚੋਰ ਦੱਸਦੇ
ਅਮੀਰ ਕਰੇ ਤਾ ਦੱਸਦੇ ਵਪਾਰ ਮੀਆਂ
ਗਰੀਬ ਦੀ ਹੁੰਦੀ ਵੀ ਚੋਰੀ ਗਰੀਬ ਜਿਹੀ
ਅਮੀਰ ਕਰਦੇ ਬਾਹਲੀ ਆਪਾਰ ਮੀਆਂ
ਗਰੀਬ ਫੜਿਆ ਜਾਵੇ ਜੇ ਰੰਗੇ ਹੱਥੀਂ
ਮਗਰ ਆਉਂਦਾ ਨਹੀਂ ਕੋਈ ਯਾਰ ਮੀਆਂ
ਅਮੀਰ ਟੋਲਾ ਜਦ ਜੱਗ ਜਾਹਿਰ ਹੋਵੇ
ਪੱਖ ਵਿੱਚ ਆਉਂਦੇ ਸੌ ਨਹੀਂ ਹਜ਼ਾਰ ਮੀਆਂ
ਅਮੀਰ ਚੋਰ ਦੀ ਹੁੰਦੀ ਪੂਰੀ ਸੁਰੱਖਿਆ
ਗਰੀਬ ਚੋਰ ਦੇ ਮਾਤੜ ਵੀ ਛੱਡੇ ਚਾਰ ਮੀਆਂ
ਚੋਰ ਗਰੀਬ ਜਾਵੇ ਸੜ੍ਹੇ ਜੇਲ੍ਹ ਅੰਦਰ
ਅਮੀਰ ਦਿਨੋਂ ਦਿਨ ਹੋਵੇ ਸ਼ਾਹੂਕਾਰ ਮੀਆਂ
ਗਰੀਬ ਚੋਰ ਨੂੰ ਵੱਜਣ ਜ਼ਿੰਦਗੀ ਭਰ ਮਿਹਣੇ
ਅਮੀਰ ਦੇ ਨਿੱਤ ਦਿਨ ਪੈਂਦੇ ਹਾਰ ਮੀਆਂ
ਛੋਟੇ ਚੋਰ ਦੇ ਘਰ ਵੀ ਹੋ ਗਏ ਕੁਰਕੀ
ਅਮੀਰ ਭੱਜ ਗਏ ਕਦੋਂ ਦੇ ਬਾਹਰ ਮੀਆਂ
ਕੁੱਤੀ ਸਾਡੀ ਵੀ ਚੋਰਾਂ ਨਾਲ ਰਲ ਗਈ ਉਏ
ਅਮੀਰ ਚੋਰਾਂ ਸਿਰ ਚੱਲੇ ਸਰਕਾਰ ਮੀਆਂ

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

Tejinderpal Singh Buall

#shellybuall

®18 ਨਵੰਬਰ 2016®