ਰਾਜ਼

ਕਦੇ ਕਦੇ ਸੋਚਦਾ ਵੀ
ਇਹ ਰਾਜ਼ ਵੀ ਕਿੰਨੇ ਹਸੀਨ ਹੁੰਦੇ ਨੇ ਨਾ
ਜਿਹੜੇ ਸਾਰੀ ਸਾਰੀ ਉਮਰ ਖੁੱਲਦੇ ਈ ਨੀ
ਬਸ ਰਾਜ਼ ਈ ਰਹਿ ਜਾਂਦੇ ਨੇ
ਤੇ ਮੈਨੂੰ ਬੜਾ ਵਧੀਆ ਲੱਗਦਾ
ਕਦੇ ਨਾ ਖੁੱਲਣ ਵਾਲੇ ਰਾਜ਼ਾਂ ਨੂੰ
ਇਵੇਂ ਬਿੰਦ ਘੜੀ ਟਟੋਲਦੇ ਰਹਿਣਾ
ਤੇ ਇਹ ਖੇਡ ਉਦੋਂ
ਹੋਰ ਵੀ ਦਿਲਚਸਪ ਬਣ ਜਾਂਦੀ ਏ
ਜਦੋਂ ਇਹ ਖੁੱਲ੍ਹਣ ਦੀ ਬਜਾਏ
ਹੋਰ ਗੁੰਝਲਦਾਰ ਹੋ ਜਾਂਦੇ ਨੇ
ਤੇ ਮੈਂ ਲੱਗਿਆ ਰਹਿਣਾ
ਇਨ੍ਹਾਂ ਨੂੰ ਖੋਲ੍ਹਣ ਤੇ
ਆਪਣੇ ਗੁੰਝਲੇ ਦਿਮਾਗ ਦੀਆਂ
ਤੰਦਾਂ ਸੁਲਝਾਉਣ ਲਈ
ਕਦੇ ਕਦੇ ਮੈਂ ਕਲਪ ਕੇ ਹਟ ਜਾਣਾ
ਤੇ ਚਲਾ ਜਾਂਦਾ ਇਨ੍ਹਾਂ ਤੋਂ ਕੋਹਾਂ ਦੂਰ
ਹੰਢ ਰਹੀ ਜ਼ਿੰਦਗੀ ਦੇ ਨੇੜੇ
ਤੇ ਖਿਝਿਆ ਰਹਿੰਦਾ
ਇਨ੍ਹਾਂ ਦਾ ਭੇਤ ਨਾ ਪਾਉਣ ਕਰਕੇ
ਫੇਰ ਮੈਂ ਇਕਾਂਤ’ਚ ਬਹਿ ਕੇ ਸੋਚਦਾ
ਵੀ ਇਹ ਵਾਕਿਆ ਈ ਬੜੇ ਹਸੀਨ ਨੇ
ਜਿਹੜੇ ਹਰ ਪਲ
ਸਾਡੇ ਦਿਮਾਗ’ਚ ਹਲਚਲ
ਮਚਾਈ ਰੱਖਦੇ ਨੇ
ਤੇ ਸਾਡੀ ਸੋਚਾਂ ਦੇ ਖੰਭਾਂ ਨੂੰ
ਦਿੰਦੇ ਨੇ ਮੌਕਾ ਲੰਮੀ ਉਡਾਰੀ ਭਰਨ ਦਾ
ਤੇ ਜੇ ਕਿਤੇ ਏ ਰਾਜ਼
ਰਾਜ਼ ਨਾ ਰਹਿ ਕੇ
ਸਮੇਂ ਤੋਂ ਪਹਿਲਾਂ ਈ ਖੁੱਲ੍ਹਦੇ ਰਹਿੰਦੇ
ਤਾੰ ਸਾਡੀ ਸੋਚ ਨੇ ਵੀ
ਸਾਡੀ ਜ਼ਿੰਦਗੀ ਵਾਂਗ
ਖੋਖਲੀ ਈ ਰਹਿ ਜਾਣਾ ਸੀ
ਸਿਰਫ਼ ਦੁਨੀਆਵੀ ਲੋੜਾਂ ਦੀ ਪੂਰਤੀ ਤੱਕ
ਸਿਰਫ਼ ਮੇਰੀ ਤੋਂ ਮੈਂ ਤੱਕ

~ ਤੇਜਿੰਦਰਪਾਲ ਸਿੰਘ Tejinderpal Singh Buall
( ਸ਼ੈਲੀ ਬੁਆਲ )
ਸ਼ਮਸ਼ਪੁਰ
•੨੨ ਮਈ ੨੦੧੭•

ਚੁੱਪੀ

ਪਹਿਲੀ ਤੱਕਣੀ ਜਦ ਤੂੰ ਮੈਨੂੰ ਤੱਕਿਆ
ਮੈਂ ਤੈਨੂੰ ਕੁਝ ਬੋਲ ਨਾ ਸਕਿਆ

ਦਿਲ ਤੇ ਹੋਏ ਕਹਿਰ ਆਪਣੇ ਨੂੰ
ਉਸ ਵੇਲੇ ਢੰਡੋਲ ਨਾ ਸਕਿਆ

ਪਰ ਹੁਣ ਲਫਜ਼ਾਂ ਰਾਹੀਂ ਮੈਂ ਸਭ ਕੁਝ ਬੋਲ ਦੇਣਾ ਏ
ਖੁੱਲ੍ਹੀ ਕਿਤਾਬ ਵਾਂਗ ਤੇਰੇ ਅੱਗੇ ਫਰੋਲ ਦੇਣਾ ਏ

ਤੱਕਣੀ ਤੇਰੀ ਤੋਂ ਬਾਅਦ
ਬੜਾ ਤੇਰੇ ਮਗਰ ਮੈਂ ਆਇਆ

ਦਿਲ ਭਰ ਬਸ ਤੱਕ ਲਾ ਤੈਨੂੰ
ਇਸ ਤੋਂ ਵੱਧ ਹੋਰ ਕੁਝ ਨਾ ਚਾਹਿਆ

ਇੱਕ ਦਿਨ ਜ਼ਿਹਨ ਵਿੱਚ ਮੇਰੇ
ਯਾਰਾ ਇਕ ਖਿਆਲ ਇਹ ਆਇਆ

ਕਿਉਂ ਨਾ ਜਾਵੇ ਤੇਰੇ ਸੰਗ
ਦੋਸਤੀ ਦਾ ਰਿਸ਼ਤਾ ਬਣਾਇਆ?

ਹਰ ਦਿਨ ਜਾਵਾ ਬੁਲਾਉਣ ਦੀ ਘਾੜਤ ਘੜੀ
ਪਰ ਮੇਰੇ ਲਈ ਬਣ ਗਈ ਮੁਸ਼ਕਿਲ ਬੜੀ

ਇੰਨੇ ਨੂੰ ਯਾਰਾ ਮੈਂ ਵੀ ਨਜ਼ਰੀ ਤੇਰੇ ਪੈ ਗਿਆ
ਫਿਰ ਇੱਕ ਬੇਲੀ ਵੀ ਮੇਰੇ ਕੰਨ ਵਿੱਚ ਆਣ ਕਹਿ ਗਿਆ

“ਜਦੋਂ ਜਾਂਦੇ ਆ ਮਗਰ ਤਾਂ ਉਹ ਵੀ ਤੱਕਦੀ ਏ
ਪਰ ਪਤਾ ਨਹੀਂ ਹੱਸ ਕੇ ਦੇਖੇ
ਜਾਂ ਫਿਰ
ਦੇਖ ਕੇ ਹੱਸਦੀ ਏ??”

ਇਹ ਸੁਣ ਕੇ ਸੋਚ ਮੇਰੀ ਦੇ ਕੇਰਾ ਦੋ-ਦੋ ਢੰਗ ਹੋਏ
ਕਦੇ ਹੌਂਸਲਾ ਟੁੱਟੇ ਤੇ ਕਦੇ ਇਰਾਦਾ ਬੁਲੰਦ ਹੋਏ

ਕਾਇਨਾਤ ਨੇ ਦਿਮਾਗ ਮੇਰੇ ਵਿੱਚ
ਕੁਝ ਐਸਾ ਇੱਕ ਵਹਿਮ ਬਣਾਇਆ

ਆਲੇ-ਦੁਆਲੇ ਹੁੰਦੀਆਂ ਘਟਨਾਵਾਂ ਨੂੰ
ਮੈਂ ਆਪਣੇ ਹੀ ਹੱਕ ਵਿੱਚ ਪਾਇਆ

ਦੋਸਤਾਂ ਦੀ ਸੂਚੀ ਵਿੱਚ ਸ਼ਾਮਿਲ ਹੋਵਾਂ
ਇਸ ਲਈ ਮੈਂ ਬੜੇ ਕੀਤੇ ਯਤਨ

ਪਰ ਜਦ ਇੱਕ ਨਾ ਮੇਰੀ ਚੱਲੀ
ਸਾਰੇ ਰਾਹ ਹੋਏ ਖਤਮ

ਅੱਖਾਂ ਰਾਹੀਂ ਸਭ ਕੁਝ
ਮੈਂ ਤੈਨੂੰ ਸੀ ਕਹਿਣਾ ਚਾਹਿਆ

ਪਰ ਜਦ ਆਉਂਦੀ ਤੂੰ ਸਾਹਮਣੇ
ਮੈਂ ਅੱਖ ਹੀ ਮਿਲਾ ਨਾ ਪਾਇਆ

siteeee

ਇੱਕ ਦਿਨ ਤਕੜਾ ਜੇਰਾ ਕਰਕੇ
ਗੱਲ ਤੇਰੇ ਨਾਲ ਕਰਨ ਸੀ ਆਇਆ

ਇਸ ਤੋਂ ਪਹਿਲਾ ਮੈਂ ਕੁਝ ਬੋਲਾਂ
ਤੇਰੇ ਇਸ਼ਾਰੇ ਮੇਰਾ ਰਾਹ ਬਦਲਾਇਆ

ਤਕੜਾ ਹੋਇਆ ਜੇਰਾ ਮੇਰਾ ਇਕੋ ਦਮ ਟੁੱਟ ਗਿਆ
ਤੈਨੂੰ ਕੀ-ਕੀ ਸੀ ਮੈਂ ਕਹਿਨਾ..
ਵਗਦੀ ਹਵਾ ਦੇ ਵਿੱਚ ਲੁੱਟ ਗਿਆ

ਬੜਾ ਕੁਝ ਸੀ ਮੈਂ ਕਹਿਣਾ ਚਾਹਿਆ
ਚਾਅ ਕੇ ਵੀ ਪਰ ਕਹਿ ਨਾ ਪਾਇਆ

ਤੂੰ ਵੀ ਮੈਨੂੰ ਸਮਝ ਨਾ ਪਾਇਆ
ਇਕਾਂਤ ਬਹਿ ਕੇ ਨਾ ਅੰਦਾਜ਼ਾ ਲਾਇਆ

ਮੇਰੀ ਚੁੱਪੀ ਦਾ ਤੂੰ ਵੱਖਰਾ ਹੀ ਅਰਥ ਬਣਾਇਆ
ਨਾ ਮੈਂ ਹੀ ਕੁਝ ਕਹਿ ਸਕਿਆ
ਨਾ ਤੂੰ ਹੀ ਸਮਝ ਪਾਇਆ

ਚੁੱਪ ਚਪੀਤੇ ਚੁੱਪੀ ਨੂੰ ਫਿਰ ਉਥੇ ਹੀ ਮੈਂ ਰੋਲਿਆ
ਕਾਸ਼! ਤੂੰ ਸੱਜਣਾਂ ਇੱਕ ਵਾਰੀ ਮੇਰੇ ਨਾਲ ਤਾਂ ਹੁੰਦਾ ਬੋਲਿਆ

ਪਰ…

ਛੱਡ ਮਨਾ ਨਹੀਂਉ ਕਿਸੇ ਦਾ ਕਸੂਰ
ਹੁੰਦਾ ਏ ਉਹੀਉ ਜੋ ਹੋਵੇ ਰੱਬ ਮਨਜ਼ੂਰ

ਇਥੇ ਵਾਅ ਕਿਸੇ ਦੀ ਨਾ ਚੱਲੀ
ਤੂੰ ਵੀ ਮੰਨ ਲਾ ਹਜ਼ੂਰ

ਸਦੀਆਂ ਤੋਂ ਚੱਲੀ ਆਉਂਦੀ ਜ਼ਿੰਦਗਾਨੀ ਦਾ
ਸਾਂਵੇ ਆਉਂਦਾ ਇਹੋ ਦਸਤੂਰ

ਠੰਡੇ ਸੁਭਾਅ ਨਾਲ ਸੋਚ ਵਿਚਾਰ ਕੇ
ਦਿਲਾਂ ਮੰਨ ਲੈ ਰੱਬ ਦੇ ਭਾਣੇ

ਕਿਉਂ ਮਨ ਮੇਰਿਆ ਅੜੀਆਂ ਕਰਦਾ
ਅੱਜ ਤੂੰ ਵਾਂਗ ਨਿਆਣੇ??

ਆਪਣੀ ਇਸ ਭਾਵਨਾ ਨੂੰ
ਇੱਥੇ ਹੀ ਤੂੰ ਸੰਜੋ ਲੈ

ਅਮਰ ਕਰਨ ਲਈ ਇਸ ਸਾਂਝ ਨੂੰ
ਸ਼ਬਦਾਂ ਵਿੱਚ ਪਰੋ ਲੈ

ਇਸ ਰਿਸ਼ਤੇ ਨੂੰ ਸ਼ਬਦਾਂ ਵਿੱਚ ਬੰਨ੍ਹ
ਦਿਲ ਦੀ ਗਹਿਰਾਈਆਂ’ਚ ਲੁਕੋ ਲੈ

ਖੁਸ਼ ਉਹਨੂੰ ਦੇਖ ਕੇ ਤੂੰ ਵੀ ਖੁਸ਼ ਹੋ ਲੈ
ਆਪਣੀ ਚੁੱਪੀ ਦੇ ਨਾਲ ਸੁਰਖਰੂ ਹੋ ਲੈ

ਤੇਜਿੰਦਰਪਾਲ ਸਿੰਘ
(ਸ਼ੈਲੀ ਬੁਆਲ)
ਸ਼ਮਸ਼ਪੁਰ

®16 ਅਗਸਤ 2015®