ਦੋ ਕੁੜੀਆਂ

ਘਰ ਵਿੱਚ ਵਿਆਹ ਦੀਆਂ ਰਸਮਾਂ ਚੱਲਣ
ਚਹੁੰ ਪਾਸੇ ਰੌਣਕਾਂ ਬੜੀਆਂ
ਦੋ ਕੁੜੀਆਂ ਬੜੇ ਗਹੁ ਨਾਲ ਤੱਕਣ
ਰਸਮਾਂ ਨੂੰ ਖੂੰਝੇ ਵਿੱਚ ਖੜੀਆਂ
ਆਸੇ ਪਾਸੇ ਦੀ ਖਬਰ ਕੋਈ ਨਾ
ਨਿਗ੍ਹਾ ਉਨ੍ਹਾਂ ਰਸਮਾਂ ਵਿੱਚ ਗੱਡੀ
ਇਕ ਕੁੜੀ ਸੀ ਕੁਆਰੀ
ਦੂਜੀ ਹੋਈ ਸੀ ਛੱਡੀ
ਨਜ਼ਰ ਦੋਹਾਂ ਦੀ ਇਕੋ ਪਾਸੇ
ਪਰ ਤੱਕਣੀ ਵਿੱਚ ਸੀ ਫਰਕ ਬੜਾ
ਕੁਆਰੀ ਦੀ ਅੱਖਾਂ ਵਿੱਚ ਚਮਕ
ਦੂਜੀ ਦੇ ਸੀ ਦਰਦ ਬੜਾ
ਦੋਹਾਂ ਦੇ ਦਿਮਾਗ ਵਿੱਚ
ਚਲ ਰਹੀ ਸੀ ਭਾਰੀ ਹਲਚਲ
ਕੁਆਰੀ ਸੋਚੇ ਆਉਣ ਵਾਲਾ ਤੇ
ਦੂਜੀ ਸੋਚੇ ਨਿਕਲ ਗਿਆ ਕੱਲ੍ਹ
ਭਵਿੱਖ ਦੇ ਹਸੀਨ ਸੁਫਨੇ ਸੋਚੇ
ਕੁਆਰੀ ਦੇ ਆ ਗਈ ਸੀ ਲਾਲੀ
ਭੂਤਕਾਲ ਦੀਆਂ ਯਾਦਾਂ ਆਣ ਕੇ
ਕਰ ਗਈਆਂ ਚਿਹਰਾ ਹਸੀਨ ਖਾਲੀ
ਜਿਉਂ ਜਿਉਂ ਰਸਮਾਂ ਅੱਗੇ ਚੱਲਣ
ਚੜ੍ਹੇ ਕੁਆਰੀ ਨੂੰ ਸਰੂਰ
ਦੂਜੀ ਮਨੋ-ਮਨੀ ਰੱਬ ਨੂੰ ਪੁੱਛੇ
ਮੈਥੋਂ ਹੋਇਆ ਕੀ ਕਸੂਰ??
ਕੁਆਰੀ ਦੀ ਅੱਖਾਂ ਵਿੱਚ ਚਮਕੇ
ਰਾਜਕੁਮਾਰ ਆਉਣ ਦੀ ਆਸ ਬੜੀ
ਪਰ ਕਿਸੇ ਤੋਂ ਵੀ ਪੜ੍ਹ ਨਾ ਹੋਈ
ਸੀ ਇਕ ਅੱਖ ਉਥੇ ਉਦਾਸ ਬੜੀ
ਸੀ ਇਕ ਰੂਹ ਉਥੇ ਉਦਾਸ ਖੜੀ…

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ

Tejinderpal Singh Buall

#shellybuall

®29 ਨਵੰਬਰ 2016®