ਮਾਂਜਰੀ ਆਲਾ ਪੀਤਾ

ਮਾਂਜਰੀ ਆਲਾ ‘ਪੀਤਾ ਮੇਰਾ ਗੂੜਾ ਮਿੱਤਰ ਸੀ ! ਅਸੀ ਦੋਵੇ ਕੱਠੇ ਪੜਦੇ ਸੀ ! ਇੱਕੋ ਬੱਸ ਜਾਦੇ ! ਮਾਂਜਰੀ ਦੇ ਨਾਲੋ ਨਾਲ ਇੱਕ ਨਹਿਰ ਲੰਘਦੀ ਤੇ ਨਹਿਰ ਦੇ ਪਰਲੇ ਪਾਰ ਇੱਕ ਪਿੰਡ ਪੈਦਾ ‘ਬਿਰੜਵਾਲ ! ਜਿੱਥੋ ਦੀ ਇੱਕ ਕੁੜੀ ਸਾਡੇ ਨਾਲ ਬੱਸ ਚੜਦੀ ਸੀ !
ਪੀਤਾ ਤੇ ਉਹ ਕੁੜੀ ਇੱਕ ਦੂਜੇ ਨੂੰ ਆਖਰਾ ਦਾ ਪਿਆਰ ਕਰਦੇ ਸੀ ! ਕੱਚੀ ਉਮਰੇ ਪ੍ਰਾਇਮਰੀ ਸਕੂਲ ‘ਚ ਪਿਆ ਪਿਆਰ ਹੁਣ ਅੱਠਵੀ ਦਸਵੀ ਤੇ ਵਾਇਆ ਬਾਰ੍ਵੀ ਹੁੰਦਾ ਹੋਇਆ ਸਹਿਰਾ ਦਿਆ ਕੌਲਜਾ ਨੂੰ ਜਾ ਲੱਗਿਆ ਸੀ ! ਕੁੜੀ ਨੇ ਸੁਦੇਹਾ ਜਦੋ ਅੱਡੇ ਤੋ ਬੱਸ ਚੜਣਾ ਤਾ ਪੀਤੇ ਨੇ “ਤੁਸੀ ਹੈਥੇ ਬਹਿਜੋ ਜੀ” ਆਖ ਅਪਨੀ ਸੀਟ ਛੱਡਣੀ ! ਚੁੰਨੀ ਨਾਲ ਪੱਗਾ ਦੀ ਮੈਚਿਗ ਕਰਨੀ ! ਬੱਸ ‘ਚ ਜੇ ਕੋਈ ਰੋਮਾਟਿਕ ਗੀਤ ਚੱਲਣਾ ਤਾ ਦੋਹਾ ਨੇ ਇੱਕ ਦੂਜੇ ਬੰਨੀ ਵੇਖ ਕੇ ਹੱਸ ਪੈਣਾ ! ਪੰਜਾਬ 1984 ਫਿਲਮ ਦੇ ‘ਚੰਨੋ ਗੀਤ ਆਲਾ ਬਣਿਆ ਤਣਿਆ ਮਾਹੋਲ ਹੋਣਾ ਬੱਸ ਚ !
ਸਮਾਂ ਬੀਤਿਆ ਤਾ ਉਪਰਲੀ ਥੱਲੇ ਹੋਈ ! ਪੀਤੇ ਦੀ ਯਾਰੀ ਕਿੰਲ ਸੀ ਪਰ ਲੋਕਾਚਾਰੀ ਧਾੜਵੀਆ ਨੇ ‘ਗੋਤ’ ਦੀ ਐਸੀ ਗੋਲੀ ਚਲਾਈ ਜਹਿੜੀ ਲੱਖ ਹੱਥ ਪੱਲਾ ਮਾਰਨ ਪਿੱਛੋ ਵੀ ਧੱਕੇ ਨਾਲ ਪੀਤੇ ਦਾ ਸੀਨਾ ਚੀਰਕੇ ਲੰਘਗੀ ! ਤੇ ਡੌਲੀ ਆਲੀ ਗੱਡੀ ਮਾਜਰੀ ਚੋ ਧੂੜਾ ਉਡੋਦੀ ਨਾਭੇ ਦੇ ਆਰ-ਪਾਰ ਕਿਧਰੇ ਖੋ ਗਈ !
ਤੇ ਏਧਰ, ਇਸਕ ਦਾ ਪੱਟਿਆ ਪੀਤਾ ਅਮਲੀ ਬਣ ਗਿਆ ! ਉਹ ਹੁਣ ਸੁੱਕ ਕੇ ਅੱਧਾ ਹੀ ਰਹਿ ਗਿਆ ਸੀ ! ਜਿਵੇ ਅਧਰੰਗ ਨਾਲ ਉਹਦਾ ਇੱਕ ਪਾਸੇ ਹੀ ਖੜ ਗਿਆ ਹੁੰਦਾ ! ! ਕੋਲਜ ਨਾ ਜਾਣਾ, ਸਾਰਾ ਸਾਰਾ ਦਿਨ ਨਹਿਰ ਆਲੇ ਪੁਲ ਤੇ ਬੈਠਾ ਰਹਿਣਾ ! ਜਿਵੇ ਉਹਦਾ ਇਤਜਾਰ ਕਰਦਾ ਹੋਵੇ “ਬੱਸ ਹੁਣ ਆਈ ,ਬਿੰਦ ਆਈ” ! ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਾੳੇਣਾ ! ਉਹਨਾ ਵਥੇਰਾ ਸਮਝਾਇਆ ਪਰ ਅਖੀਰ ਉਹ ਵੀ ਭਾਣਾ ਮੰਨ ਕੇ ਚੁੱਪ ਵੱਟ ਬੈਠੇ ! ਤਲਖੀ ਕਰਨ ਤੋ ਘਰਦੇ ਜੜਕਦੇ ਸੀ ! ਵੀ ਕਿ ਪਤਾ ਰੋਹ ਚ ਆਇਆ ਐਵੇ ਨਾ ਕਿਧਰੇ ਖੂਹ ਖਾਤੇ ਜਾ ਪਵੇ !
ਪਿੱਛੇ ਜੇਹੇ ਲੋਈ ਦੀ ਬੁੱਕਲ ਮਾਰੀ ਨਹਿਰ ਆਲੀ ਪੁਲੀ ਤੇ ਬੈਠਾ ਮਿਲਿਆ ਸੀ ! ਮੈ ਕਿਹਾ “ਹੁਣ ਗੱਲ ਆਈ ਗਈ ਵੀ ਕਰਦੇ ਜਰ ! ਕਿਉ ਜਨਾਨੀਆ ਵਾਗ ਝੋੜਾ ਲਾਈ ਬੈਠਾ ਬੂਕੀ ਜਾਨਾ” !
“ਜੇ ਸੱਚ ਪੁਛੇ ਨਾ ਬਾਈ, ਮੈ ਵਾਹ ਜਹਾਨ ਦੀ ਲਾ ਲਈ ! ਪਰ ਕਿ ਕਰਾ ਜਰ, ਉਹ ਅੰਦਰੋ ਿਨੱਕਲ ਦਿਉ ਨੀ” ! ਪੀਤਾ ਉਹਦੇ ਪਿੰਡ ਵੱਲ ਹੱਥ ਕਰਕੇ ਕਹਿ ਗਿਆ !
ਪੀਤੇ ਦੀ ਇਹ ਮਾਰੂ ਹਾਲਤ ਦੇਖ ਕੇ ਮੈਨੂੰ “ਪੂਰਨਮਾਸੀ” ਨਾਵਲ ਦਾ ਪਾਤਰ “ਦਿਆਲਾ” ਯਾਦ ਆ ਗਿਆ ! ਜਹਿੜਾ ਪਿੰਡ ਦੀ ਕੁੜੀ “ਸਾਮੋ” ਦੇ ਇਸਕ ਦਾ ਪੱਟਿਆ ਚੜਦੀ ਜਵਾਨੀ ਚ ਕਲਕੱਤੇ ਤੱਕ ਖਾਕ ਛਾਣਦਾ ਅਖੀਰ ਡਾਕੂ ਅਮਲੀ ਹੋਕੇ ਮਰਿਆ ਸੀ ! ਪੀਤੇ ਨੂੰ ਦੇਖ ਕੇ ਮੈ ਲੱਖਣ ਲਇਆ “ਬਚਦਾ ਏਹ ਵੀ ਨੀ” !
ਮੈਨੂੰ ਰਾਝਾ ਯਾਰ ਯਾਦ ਆ ਗਿਆ ! ਪੰਜਾਬ ਦੀ ਹੀਰ ਨੂੰ ਯਾਦ ਕਰਕੇ ਉਹਨੇ ਧਾਹ ਮਾਰੀ ਸੀ !
ਤੁਸਾ ਸਾਹਵਰੇ ਜਾਇ ਅਰਾਮ ਕੀਤਾ,
ਅਸੀ ਢੋਹੇ ਹਾ ੂਲ ਅੰਗਿਆਰਿਆ ਤੇ !
ਵਾਰਿਸਸਾਂਹ ਨਾ ਯਾਰ ਬਿਨ ਤਾਂਘ ਮੈਨੂੰ,
ਕਿਵੇ ਜਿਤੀਏ ਮਾਮਲੇ ਹਾਰਿਆ ਨੂੰ !

ਲਾਲੀ ਮੱਲੇ੍ਵਾਲ

ਮੁਹੱਬਤ

ਇੱਕ ਆਦਮੀ ਅਤੇ ਅੌਰਤ ਜਾਂ ਇੱਕ ਮੁੰਡਾ ਅਤੇ ਕੁੜੀ ਇੱਕ ਦੂਜੇ ਦੇ ਹੋਣ ਲਈ ਕਾਹਲ ਵਿੱਚ ਹੁੰਦੇ ਹਨ ।

ਉਹ ਮਿਲ ਕੇ ਕੁਝ ਚਿਰ ਇਕੱਠੇ ਰਹਿੰਦੇ ਹਨ । ਫਿਰ ਇੱਕ ਦੂਜੇ ਤੋਂ ਅੱਕ ਜਾਂਦੇ ਹਨ । ਜਿਸ ਦੇ ਲਈ ਉਹ

ਮਰਨ ਲਈ ਤਿਆਰ ਸਨ । ਫਿਰ ਉਸੇ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਹਨ । ਇਹ ਸਾਡੀ ਮੁਹੱਬਤ ਹੈ

ਅੱਜ ਕੱਲ । ਇਸ ਤਰ੍ਹਾਂ ਦੇ ਰਿਸ਼ਤੇ ਸਾਡੀ ਜਿੰਦਗੀ ਦਾ ਹਿੱਸਾ ਹਨ । ਫਿਰ ਲੋਕ ਹੋਰ ਕਿਸੇ ਵੱਲ ਤੁਰ ਪੈਂਦੇ

ਹਨ । ਮੁਹੱਬਤ ਨਾਮ ਦੀ ਚੀਜ਼ ਹੋਰ ਕਿਸੇ ਚੋਂ ਲੱਭਣ ਲਗਦੇ ਹਨ । ਇਹ ਕੰਮ ਚਲਦਾ ਰਹਿੰਦਾ ਹੈ । ਕਿਉਂ

ਕਿ ਮੁਹੱਬਤ ਦੀ ਸਮਝ ਕਦੇ ਨਹੀਂ ਬਣਦੀ । ਪਹਿਲਾਂ ਮੌਤ ਦੀ ਸਮਝ ਆਵੇ ਤਾਂ ਜਿੰਦਗੀ ਸਮਝ ਆਉਂਦੀ

ਹੈ ।

ਪਹਿਲਾਂ ਮਾਂ ਸਮਝਣੀ ਜ਼ਰੂਰੀ ਹੈ । ਕਿਉਂ ਕਿ ਸਭ ਤੋਂ ਪਹਿਲਾਂ ਤੁਸੀਂ ਮਾਂ ਦੇ ਟੱਚ ਵਿੱਚ ਆਏ ਹੋ । ਫਿਰ

ਮਹਿਬੂਬ ਸਮਝ ਆਵੇਗਾ । ਇਸ ਤੋਂ ਬਾਅਦ ਪਹਿਲਾਂ ਨਿਰ–ਸੁਆਰਥਤਾ ਤੇ ਤਿਆਗ ਨੂੰ ਸਮਝੋ ਫਿਰ

ਮੁਹੱਬਤ ਸਮਝ ਆਵੇਗੀ । ਇਸ ਸ਼ਬਦ ਮੁਹੱਬਤ ਨੂੰ ਅਸੀਂ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਸੰਸਕਾਰੀ

ਲੋਕ ਆਪਣੇ ਘਰ ਵਿੱਚ ਆਪਣੇ ਬੱਚਿਆ ਦੇ ਸਾਹਮਣੇ ਇਸ ਦਾ ਜਿ਼ਕਰ ਤੱਕ ਕਰਨ ਤੋਂ ਕਤਰਾਉਂਦੇ ਹਨ ।

ਕਿਉਂ ਕਿ ਸਾਨੂੰ ਜਿੰਦਗੀ ਦੇ ਕਿਸੇ ਵੀ ਹਿੱਸੇ ਵਿੱਚ ਨਿਰ–ਸੁਆਰਥ ਹੋਣਾਂ ਸਿਖਾਇਆ ਹੀ ਨਹੀਂ ਜਾਂਦਾ ।

ਤਿਆਗ ਬਾਰੇ ਕੋਈ ਚੀਜ਼ ਸਮਝਾਈ ਨਹੀਂ ਜਾਂਦੀ । ਸਾਡਾ ਪੂਰੇ ਦਾ ਪੂਰਾ ਸਿਸਟਮ ਸਾਨੂੰ ਸਿਰਫ ਆਪਣੇ

ਆਪ ਲਈ ਕੁਝ ਪ੍ਰਾਪਤ ਕਰਨਾ ਜਾਂ ਖੋਹਣਾ ਸਿਖਾਉਂਦਾ ਹੈ । ਸਾਡੀ ਸਾਰੀ ਸਿੱਖਿਆ ਪ੍ਰਣਾਲੀ ਇਸੇ ਦੀ

ਉਪਜ ਹੈ । ਇਸ ਸਭ ਦੇ ਹੁੰਦਿਆਂ ਅਸੀਂ ਮਨੁੱਖੀ ਮੁਹੱਬਤ ਦੀ ਉਮੀਦ ਨਹੀਂ ਕਰ ਸਕਦੇ । ਸਾਡੇ ਵਿਆਹ

ਸਮਝੌਤੇ ਤੋਂ ਸੁਰੂ ਹੁੰਦੇ ਹਨ । ਫਿਰ ਅਸੀਂ ਇਸ ਸਮਝੌਤੇ ਚੋਂ ਮੁਹੱਬਤ ਲੱਭਣ ਲਗਦੇ ਹਾਂ । ਜਦੋਂ ਕਿ ਮੁਹੱਬਤ

ਸਮਝੌਤੇ ਵਰਗੀ ਕੋਈ ਚੀਜ਼ ਨਹੀਂ ਹੈ । ਮੁਹੱਬਤ ਕਿਸੇ ਦੀ ਨਿੱਜਤਾ ਦਾ ਸਨਮਾਨ ਕਰਨਾ ਹੈ । ਕਿਸੇ ਦੀ

ਸਹੂਲਤ ਲਈ ਆਪ ਕਿਸੇ ਅੌਖ ਨੂੰ ਜਰ ਜਾਣਾ ਹੈ । ਅਸੀਂ ਇਸੇ ਤਰ੍ਹਾਂ ਜਿਉਂਦੇ ਹਾਂ ਧਰਮ ਬਦਲਦੇ ਹਾਂ ,

ਮਹਿਬੂਬ ਬਦਲਦੇ ਹਾਂ । ਅਖੀਰ ਤੇ ਸਾਡੇ ਕੋਲ ਨਾ ਤਾਂ ਧਰਮ ਹੁੰਦਾ ਹੈ ਨਾ ਮਹਿਬੂਬ ਵਰਗਾ ਕੋਈ

ਆਦਮੀ ਬਚਦਾ ਹੈ । ਤੇ ਇੱਕ ਦਿਨ ਅਸੀਂ ਆਪਣੀਆਂ ਸੁੰਨੀਆਂ ਅੱਖਾਂ ਨਾਲ ਵੀਰਾਨ ਜਿੰਦਗੀ ਵੇਖਦੇ ਹਾਂ ।

ਮਹਾਤਮਾ ਬੁੱਧ ਦਾ ਇੱਕ ਕਥਨ ਹੈ ਕਿ ਤੁਹਾਡੇ ਪਿਆਰ, ਦੁਲਾਰ, ਸਤਿਕਾਰ ਦੀ ਜੇਕਰ ਕਿਸੇ ਨੂੰ ਸਭ ਤੋਂ

ਵੱਧ ਲੋੜ ਹੈ ਤਾਂ ਉਹ ਤੁਹਾਨੂੰ ਆਪਣੇ ਆਪ ਨੂੰ ਹੈ । ਜਿਸ ਦਿਨ ਤੁਸੀਂ ਇਹ ਕੰਮ ਪੂਰੀ ਤਰ੍ਹਾਂ ਕਰ ਸਕੋਗੇ ।

ਤੁਸੀਂ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣੋਗੇ । ਮੁਹੱਬਤ ਤੁਹਾਡੇ ਲਈ ਪੀੜ ਨਹੀਂ ਰਹੇਗੀ । ਹਰ ਘੜੀ

ਤੁਹਾਡੇ ਲਈ ਧਿਆਨ ਦੀ ਘੜੀ ਹੋਵੇਗੀ । ਹਰ ਪਲ ਤੁਸੀਂ ਮੌਤ ਨੂੰ ਸਵੀਕਾਰ ਕਰ ਸਕੋਗੇ । ਹਰ ਛਿਣ ਦੇ

ਵਿੱਚ ਤੁਸੀਂ ਜਿੰਦਗੀ ਦੇ ਬੁੱਲਾਂ ਨੂੰ ਚੁੰਮ ਸਕੋਗੇ ।

ਅੱਜ ਇਹੀ ਕੁਝ ਲਿਖਣ ਲਈ ਮਿਲਿਆ ਹੈ ।

ਵਿਦਾ ਲੈਂਦੇ ਹਾਂ । । ਫਤਿਹ ।

(ਇਹ ਸਭ ਮੈਂ ਇੱਥੋਂ ਹੀ ਜਾਣਿਆ ਹੈ ਜਿੱਥੇ ਅਸੀਂ ਸਾਰੇ ਰਹਿੰਦੇ ਹਾਂ )

~ਸੂਹੇ ਅੱਖਰ Soohe Akhar