ਸਾਲ ਲੰਘਦੇ ਰਹੇ, ਦਿਨ ਗੁਜ਼ਰਦੇ ਰਹੇ

ਸਾਲ ਲੰਘਦੇ ਰਹੇ, ਦਿਨ ਗੁਜ਼ਰਦੇ ਰਹੇ
ਵਕਤ ਚਲਦਾ ਗਿਆ, ਜੁਗ ਬਦਲਦੇ ਰਹੇ

ਜ਼ਿੰਦਗੀ ਰੰਗ ਅਪਣੇ ਦਿਖਾਉਂਦੀ ਰਹੀ,
ਰੰਗ ਕੁਦਰਤ ਦੇ ਵੀ, ਸੀ ਬਦਲਦੇ ਰਹੇ

ਠੋਕਰਾਂ, ਔਕੜਾਂ, ਮੁਸ਼ਕਲਾਂ, ਤਿਲਕਣਾਂ,
ਰੋਜ਼ ਡਿਗਦੇ ਰਹੇ, ਰੋਜ਼ ਚਲਦੇ ਰਹੇ

ਜ਼ਿੰਦਗੀ ਹਾਸਿਆਂ, ਰੋਣਿਆਂ ਦੀ ਕੜੀ,
ਲੋਕ ਰੋਂਦੇ ਰਹੇ, ਲੋਕ ਹਸਦੇ ਰਹੇ

ਉਮਰ ਭਰ ਨਾ ਖਤਮ ਹੋਣੀਆਂ ਖ਼ਾਹਿਸ਼ਾਂ,
ਖ਼ਾਬ ਸੀਨੇ ‘ਚ ਬੇਵਸ ਮਚਲਦੇ ਰਹੇ

ਬਿਨਸਣਾ ਉਪਜਣਾ ਰੀਤ ਸੰਸਾਰ ਦੀ,
ਪੱਤ ਝੜਦੇ ਰਹੇ ਫਿਰ ਪੁੰਗਰਦੇ ਰਹੇ

ਜ਼ਿੰਦਗੀ ਖੇਡ ਹੈ, ਮੌਤ ਤਕ ਦੋਸਤੋ,
ਲੋਕ ਜੰਮਦੇ ਰਹੇ, ਲੋਕ ਮਰਦੇ ਰਹੇ

Jatinder Lasara

ਕੀ ਲੱਭ ਰਿਹਾ ਏਂ?

ਘਰ, ਖੇਤ, ਦਿਲ ਸਾਰੇ ਵੰਡ ਕੇ ਸਹਾਰੇ,
ਉਸਰੀਆਂ ਕੰਧਾਂ ਚੋਂ, ਕੀ ਲੱਭ ਰਿਹਾ ਏਂ?

ਪਿਆਰਾਂ ਦੇ ਰਿਸ਼ਤੇ, ਨਾ ਰੂਹਾਂ ਦੇ ਨਾਤੇ,
ਜਿਸਮਾਂ ਦੇ ਅੰਗਾਂ ਚੋਂ, ਕੀ ਲੱਭ ਰਿਹਾ ਏਂ?

ਧਰਤੀ ਦੀ ਹਿੱਕ ਨੂੰ, ਲਹੂ ਨਾਲ ਭਰਕੇ,
ਕੁਦਰਤ ਦੇ ਰੰਗਾਂ ਚੋਂ, ਕੀ ਲੱਭ ਰਿਹਾ ਏਂ?

ਛੱਡ ਵੀ ਲਸਾੜੇ, ਨਾ ਕਿਰਚਾਂ ਚੁਭੋ ਲੀਂ,
ਤਿੜਕੇ ਸਬੰਧਾਂ ਚੋਂ, ਕੀ ਲੱਭ ਰਿਹਾ ਏਂ? … … …

Jatinder Lasara