ਤੇ ਇੰਝ ਸਾਡੀ ਗੱਲ ਤੁਰ ਪਈ……. (ਭਾਗ ਦੂਜਾ)

……….ਤੇ ਹਾਂ ਮੈਂ ਦੱਸ ਰਿਹਾ ਸੀ ਕਿ ਚਾਹ ਪੀਂਦੀ ਉਸ ਕੁੜ੍ਹੀ ਨੂੰ ਵੇਖਕੇ ਮੈਨੂੰ ਆਪਣੇ ਹੈਂਗ ਹੋਣ ਦਾ ਕਾਰਨ ਸਮਝੇ ਪੈ ਗਿਆ…… ਹੋਇਆ ਇੰਝ ਸੀ ਕਿ ਡਿਸਕਸ਼ਨ ਕਰਦੇ-ਕਰਦੇ ਨੂੰ ਮੈਨੂੰ ਇੰਝ ਲੱਗਿਆ ਕਿ ਕੋਈ ਵੱਖਰਾ ਜਿਹਾ ਵਜੂਦ ਕੋਲੋਂ ਗੁਜ਼ਰਿਐ…. ਉਹ ਵੱਖਰਾ ਇੰਝ ਸੀ ਕਿ ਲੰਮੀ ਜਈ ਗੁੱਤ ਵਾਲੀ ਇਕ ਉੱਚੀ-ਲੰਮੀ ਕੁੜ੍ਹੀ, ਕਿਰਨ ਬੇਦੀ ਟਾਇਪ ਨੌਨ-ਡੈਨਿਮ ਕੱਪੜ੍ਹੇ ਦੀ ਪੈਂਟ ਤੇ ਕਮੀਜ਼ ਪਾਈ ਕੋਲੋ ਗੁਜ਼ਰੀ ਸੀ…… ਤੇ ਉਹ ਮੈਨੂੰ ਬਹੁਤ ਬੁਰੀ ਲੱਗੀ ਸੀ…. ਉਹ ਜਿਵੇਂ ਹਰ ਕਿਸੇ ਦੀ ਇਕ ਆਪਣੀ ਪਸੰਦ ਨਾ-ਪਸੰਦ ਹੁੰਦੀ ਏ ਨਾ, ਤੇ ਬੰਦਾ ਉਸ ਮੁਤਾਬਿਕ ਸੁਹੱਪਣ ਦਾ ਕਰਟੇਰੀਆ ਡਿਵੈਲਪ ਕਰ ਲੈਂਦੈ…… ਮੈਨੂੰ ਜੀਨ ‘ਤੋਂ ਇਲਾਵਾ ਕਿਸੇ ਵੀ ਕੱਪੜ੍ਹੇ ਦੀ ਪੈਂਟ ਨਈਂ ਪਸੰਦ ਆਉਂਦੀ ਤੇ ਨਾ ਈ ਮੈਂ ਪਾਉਂਦਾ (ਮਜਬੂਰੀ ‘ਚ ਪਾਉਣੀ ਪੈਜੇ ਤਾਂ ਗੱਲ ਹੋਰ ਐ)…. ਸੋ ਮੈਨੂੰ ਉਸ ਕੁੜ੍ਹੀ ਵੱਲ ਖਿੱਚਣ ਵਾਲੀ ਚੀਜ਼ ਉਹ ਨਈਂ ਸੀ ਜੋ ਮੈਨੂੰ ਪਸੰਦ ਸੀ, ਸਗੋਂ ਉਹ ਸੀ, ਜੋ ਮੈਨੂੰ ਪਸੰਦ ਨਈਂ ਸੀ………
.
ਇੰਝ ਹੁਣ ਉਹ ਮੈਨੂੰ ਅਕਸਰ ਈ ਵਿਖਣ ਲੱਗ ਪਈ ਸੀ, ਤਮਾਮ ਉਹਨਾਂ ਗੱਲਾਂ ਕਰਕੇ ਜੋ ਮੈਨੂੰ ਪਸੰਦ ਨਈਂ ਸਨ……. ਮਸਲਨ ਜਿਵੇਂ ਮੈਂ ਪਸ਼ੂ-ਪੰਛੀਆਂ ‘ਤੋਂ ਦੂਰੀ ਈ ਰੱਖਦਾ ਸੀ ਜ਼ਿਆਦਾਤਰ, ਤੇ ਉਹ ਦੁਪਹਿਰ ਦੀ ਚਾਹ ਨਾਲ ਬਿਸਕੁਟ ਖਾਂਦੀ ਤਮਾਮ ਗਲਹਿਰੀਆਂ, ਚਿੜ੍ਹੀਆਂ, ਗੁਟਾਰਾਂ, ਕੀੜ੍ਹੀਆਂ ਨੂੰ ਬਿਸਕੁਟ ਖਵਾ ਰਹੀ ਹੁੰਦੀ…….. ਹੋਰ ਤਾਂ ਹੋਰ ਭਗਵਾਨ ਦਾਸ ਦੀ ਕੰਟੀਨ ਪਿੱਛੇ ਫਿਰਦੇ ਆਵਾਰਾ ਕੁੱਤਿਆਂ ਨਾਲ ਵੀ ਉਸਦੀ ਪੱਕੀ ਸਾਂਝ ਸੀ….. ਉਹ ਕੰਟੀਨ ‘ਤੋਂ ਦੁੱਧ ਦਾ ਪੈਕਟ ਲਿਆ ਕੇ ਉਹਨਾਂ ਨੂੰ ਨਿੱਤਨੇਮ ਵਾਂਗੂੰ ਈ ਪਿਲਾ ਰਹੀ ਹੁੰਦੀ……. ਮੇਰੇ ਅੱਖੀਂ ਵੇਖੇ ਦੀ ਗੱਲ ਏ, ਨਵੇਂ-ਜੰਮੇ ਕਤੂਰਿਆਂ ਦਾ ਉਸ ਇਸ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਕਿ ਉਹਨਾਂ ਦੀ ਮਾਂ ਉਸ ਕੁੜ੍ਹੀ ਨੂੰ ਆਪਣੇ ਦੋਨੋਂ ਅਗਲੇ ਪੰਜੇ ਚੱਕ ਕੇ ਜੱਫੀ ਪਾਕੇ ਮਿਲਦੀ ਸੀ……… ਮੈਂ ਸਵਾਤੀ, ਸੰਯਮ, ਅਮਰ ਤੇ ਰਾਣੇ ਨਾਲ ਬੈਠਾ ਇਹ ਸਭ ਵੇਖ ਰਿਹਾ ਹੁੰਦਾ ਤੇ ਉਹਨਾਂ ਅੱਗੇ ਇਰੀਟੇਸ਼ਨ ਨਾਲ ਈ ਓਸ ਕੁੜ੍ਹੀ ਬਾਰੇ ਬਿਆਨ ਜਾਰੀ ਕਰ ਰਿਹਾ ਹੁੰਦਾ, ਹਾਲਾਂਕਿ ਸਾਡੇ ‘ਚੋਂ ਕੋਈ ਵੀ ਉਹਨੂੰ ਜਾਣਦਾ ਨਈਂ ਸੀ……. ਉਹ ਕਹਿੰਦੇ ਕਿ ਤੈਨੂੰ ਕੀ?? ਜੋ ਕਰਦੀ ਏ ਕਰਨ ਦੇ, ਤੈਨੂੰ ਤਾਂ ਕੁਝ ਨਈਂ ਕਹਿੰਦੀ ਨਾ ਉਹ…… ਪਰ ਮੇਰਾ ਲਾਜਿਕ ਹੁੰਦਾ ਕਿ ਇਹ ਗਲਤ ਕਰ ਰਹੀ ਹੈ…… ਪਸ਼ੂ-ਪੰਛੀਆਂ ਦਾ ਆਪਣਾ ਸਿਸਟਮ ਏ ਤੇ ਬੰਦੇ ਨੂੰ ਉਹਨਾਂ ਲਈ ਆਹ ਪੱਕੇ-ਪਕਾਏ ਖਾਣ-ਪੀਣ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਆਲਸੀ ਨਈਂ ਬਣਾਉਣਾ ਚਾਹੀਦਾ…… ਉਹਨਾਂ ਦਾ ਅੰਦੂਰਨੀ ਢਾਂਚਾ ਕੁਦਰਤੀ ਪਦਾਰਥਾਂ ਲਈ ਸੈੱਟ ਏ, ਪਰ ਇਸ ਤਰ੍ਹਾਂ ਦੇ ਸੋ-ਕਾਲਡ ‘ਕੋਮਲ ਹਿਰਦੇ’ ਇਹਨਾਂ ਜੀਵਾਂ ਨੂੰ ਤਲੀਆਂ-ਪੱਕੀਆਂ ਚੀਜ਼ਾਂ ਦੇ ਆਦੀ ਬਣਾ ਕੇ ਕੁਦਰਤੀ ਖੁਰਾਕ ਨਾਲੋਂ ਤੋੜ੍ਹ ਰਹੇ ਹਨ……. ਨਾਲੇ ਅਸੀਂ ਕਿਹੜ੍ਹਾ ਏਥੇ ਯੂਨੀਵਰਸਿਟੀ ਵਿਚ ਸਦਾ ਲਈ ਆਏ ਆਂ….. ਦੋ-ਤਿੰਨ ਸਾਲਾਂ ਬਾਅਦ ਅਸੀਂ ਚਲੇ ਜਾਣਾ ਹੁੰਦਾ ਏ, ਪਰ ਇਹਨਾਂ ਜੀਵਾਂ ਨੂੰ ਆਪਣੇ ‘ਤੇ ਨਿਰਭਰ ਕਰਕੇ ਇਹਨਾਂ ਦੀਆਂ ਆਦਤਾਂ ਵਿਗਾੜ੍ਹ ਜਾਂਨੇਂ ਆਂ……… ਐੱਟਸੈਟਰਾ-ਐੱਟਸੈਟਰਾ ਆਦਿ……..
.


ਪਰ ਖੈਰ ਇਹ ਤਾਂ ਐਵੈਂ ਮੈਂ ਉੱਤੋਂ-ਉੱਤੋਂ ਈ ਦਲੀਲਬਾਜ਼ੀ ਕਰਦਾ ਸੀ, ਵਿਚਲੀ ਗੱਲ ਤਾਂ ਕੋਈ ਹੋਰ ਸੀ, ਜਿਹਦਾ ਮੈਨੂੰ ਗੁੱਸਾ ਸੀ……. ਉਹ ਮੈਂ ਅਗਲੇ ਭਾਗ ‘ਚ ਦੱਸੂੰ…….
@ ਬਾਬਾ ਬੇਲੀ, 2017

Baba Beli (ਬਾਬਾ ਬੇਲੀ)