ਮੁਹੱਬਤ

ਇੱਕ ਆਦਮੀ ਅਤੇ ਅੌਰਤ ਜਾਂ ਇੱਕ ਮੁੰਡਾ ਅਤੇ ਕੁੜੀ ਇੱਕ ਦੂਜੇ ਦੇ ਹੋਣ ਲਈ ਕਾਹਲ ਵਿੱਚ ਹੁੰਦੇ ਹਨ ।

ਉਹ ਮਿਲ ਕੇ ਕੁਝ ਚਿਰ ਇਕੱਠੇ ਰਹਿੰਦੇ ਹਨ । ਫਿਰ ਇੱਕ ਦੂਜੇ ਤੋਂ ਅੱਕ ਜਾਂਦੇ ਹਨ । ਜਿਸ ਦੇ ਲਈ ਉਹ

ਮਰਨ ਲਈ ਤਿਆਰ ਸਨ । ਫਿਰ ਉਸੇ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਹਨ । ਇਹ ਸਾਡੀ ਮੁਹੱਬਤ ਹੈ

ਅੱਜ ਕੱਲ । ਇਸ ਤਰ੍ਹਾਂ ਦੇ ਰਿਸ਼ਤੇ ਸਾਡੀ ਜਿੰਦਗੀ ਦਾ ਹਿੱਸਾ ਹਨ । ਫਿਰ ਲੋਕ ਹੋਰ ਕਿਸੇ ਵੱਲ ਤੁਰ ਪੈਂਦੇ

ਹਨ । ਮੁਹੱਬਤ ਨਾਮ ਦੀ ਚੀਜ਼ ਹੋਰ ਕਿਸੇ ਚੋਂ ਲੱਭਣ ਲਗਦੇ ਹਨ । ਇਹ ਕੰਮ ਚਲਦਾ ਰਹਿੰਦਾ ਹੈ । ਕਿਉਂ

ਕਿ ਮੁਹੱਬਤ ਦੀ ਸਮਝ ਕਦੇ ਨਹੀਂ ਬਣਦੀ । ਪਹਿਲਾਂ ਮੌਤ ਦੀ ਸਮਝ ਆਵੇ ਤਾਂ ਜਿੰਦਗੀ ਸਮਝ ਆਉਂਦੀ

ਹੈ ।

ਪਹਿਲਾਂ ਮਾਂ ਸਮਝਣੀ ਜ਼ਰੂਰੀ ਹੈ । ਕਿਉਂ ਕਿ ਸਭ ਤੋਂ ਪਹਿਲਾਂ ਤੁਸੀਂ ਮਾਂ ਦੇ ਟੱਚ ਵਿੱਚ ਆਏ ਹੋ । ਫਿਰ

ਮਹਿਬੂਬ ਸਮਝ ਆਵੇਗਾ । ਇਸ ਤੋਂ ਬਾਅਦ ਪਹਿਲਾਂ ਨਿਰ–ਸੁਆਰਥਤਾ ਤੇ ਤਿਆਗ ਨੂੰ ਸਮਝੋ ਫਿਰ

ਮੁਹੱਬਤ ਸਮਝ ਆਵੇਗੀ । ਇਸ ਸ਼ਬਦ ਮੁਹੱਬਤ ਨੂੰ ਅਸੀਂ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਸੰਸਕਾਰੀ

ਲੋਕ ਆਪਣੇ ਘਰ ਵਿੱਚ ਆਪਣੇ ਬੱਚਿਆ ਦੇ ਸਾਹਮਣੇ ਇਸ ਦਾ ਜਿ਼ਕਰ ਤੱਕ ਕਰਨ ਤੋਂ ਕਤਰਾਉਂਦੇ ਹਨ ।

ਕਿਉਂ ਕਿ ਸਾਨੂੰ ਜਿੰਦਗੀ ਦੇ ਕਿਸੇ ਵੀ ਹਿੱਸੇ ਵਿੱਚ ਨਿਰ–ਸੁਆਰਥ ਹੋਣਾਂ ਸਿਖਾਇਆ ਹੀ ਨਹੀਂ ਜਾਂਦਾ ।

ਤਿਆਗ ਬਾਰੇ ਕੋਈ ਚੀਜ਼ ਸਮਝਾਈ ਨਹੀਂ ਜਾਂਦੀ । ਸਾਡਾ ਪੂਰੇ ਦਾ ਪੂਰਾ ਸਿਸਟਮ ਸਾਨੂੰ ਸਿਰਫ ਆਪਣੇ

ਆਪ ਲਈ ਕੁਝ ਪ੍ਰਾਪਤ ਕਰਨਾ ਜਾਂ ਖੋਹਣਾ ਸਿਖਾਉਂਦਾ ਹੈ । ਸਾਡੀ ਸਾਰੀ ਸਿੱਖਿਆ ਪ੍ਰਣਾਲੀ ਇਸੇ ਦੀ

ਉਪਜ ਹੈ । ਇਸ ਸਭ ਦੇ ਹੁੰਦਿਆਂ ਅਸੀਂ ਮਨੁੱਖੀ ਮੁਹੱਬਤ ਦੀ ਉਮੀਦ ਨਹੀਂ ਕਰ ਸਕਦੇ । ਸਾਡੇ ਵਿਆਹ

ਸਮਝੌਤੇ ਤੋਂ ਸੁਰੂ ਹੁੰਦੇ ਹਨ । ਫਿਰ ਅਸੀਂ ਇਸ ਸਮਝੌਤੇ ਚੋਂ ਮੁਹੱਬਤ ਲੱਭਣ ਲਗਦੇ ਹਾਂ । ਜਦੋਂ ਕਿ ਮੁਹੱਬਤ

ਸਮਝੌਤੇ ਵਰਗੀ ਕੋਈ ਚੀਜ਼ ਨਹੀਂ ਹੈ । ਮੁਹੱਬਤ ਕਿਸੇ ਦੀ ਨਿੱਜਤਾ ਦਾ ਸਨਮਾਨ ਕਰਨਾ ਹੈ । ਕਿਸੇ ਦੀ

ਸਹੂਲਤ ਲਈ ਆਪ ਕਿਸੇ ਅੌਖ ਨੂੰ ਜਰ ਜਾਣਾ ਹੈ । ਅਸੀਂ ਇਸੇ ਤਰ੍ਹਾਂ ਜਿਉਂਦੇ ਹਾਂ ਧਰਮ ਬਦਲਦੇ ਹਾਂ ,

ਮਹਿਬੂਬ ਬਦਲਦੇ ਹਾਂ । ਅਖੀਰ ਤੇ ਸਾਡੇ ਕੋਲ ਨਾ ਤਾਂ ਧਰਮ ਹੁੰਦਾ ਹੈ ਨਾ ਮਹਿਬੂਬ ਵਰਗਾ ਕੋਈ

ਆਦਮੀ ਬਚਦਾ ਹੈ । ਤੇ ਇੱਕ ਦਿਨ ਅਸੀਂ ਆਪਣੀਆਂ ਸੁੰਨੀਆਂ ਅੱਖਾਂ ਨਾਲ ਵੀਰਾਨ ਜਿੰਦਗੀ ਵੇਖਦੇ ਹਾਂ ।

ਮਹਾਤਮਾ ਬੁੱਧ ਦਾ ਇੱਕ ਕਥਨ ਹੈ ਕਿ ਤੁਹਾਡੇ ਪਿਆਰ, ਦੁਲਾਰ, ਸਤਿਕਾਰ ਦੀ ਜੇਕਰ ਕਿਸੇ ਨੂੰ ਸਭ ਤੋਂ

ਵੱਧ ਲੋੜ ਹੈ ਤਾਂ ਉਹ ਤੁਹਾਨੂੰ ਆਪਣੇ ਆਪ ਨੂੰ ਹੈ । ਜਿਸ ਦਿਨ ਤੁਸੀਂ ਇਹ ਕੰਮ ਪੂਰੀ ਤਰ੍ਹਾਂ ਕਰ ਸਕੋਗੇ ।

ਤੁਸੀਂ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣੋਗੇ । ਮੁਹੱਬਤ ਤੁਹਾਡੇ ਲਈ ਪੀੜ ਨਹੀਂ ਰਹੇਗੀ । ਹਰ ਘੜੀ

ਤੁਹਾਡੇ ਲਈ ਧਿਆਨ ਦੀ ਘੜੀ ਹੋਵੇਗੀ । ਹਰ ਪਲ ਤੁਸੀਂ ਮੌਤ ਨੂੰ ਸਵੀਕਾਰ ਕਰ ਸਕੋਗੇ । ਹਰ ਛਿਣ ਦੇ

ਵਿੱਚ ਤੁਸੀਂ ਜਿੰਦਗੀ ਦੇ ਬੁੱਲਾਂ ਨੂੰ ਚੁੰਮ ਸਕੋਗੇ ।

ਅੱਜ ਇਹੀ ਕੁਝ ਲਿਖਣ ਲਈ ਮਿਲਿਆ ਹੈ ।

ਵਿਦਾ ਲੈਂਦੇ ਹਾਂ । । ਫਤਿਹ ।

(ਇਹ ਸਭ ਮੈਂ ਇੱਥੋਂ ਹੀ ਜਾਣਿਆ ਹੈ ਜਿੱਥੇ ਅਸੀਂ ਸਾਰੇ ਰਹਿੰਦੇ ਹਾਂ )

~ਸੂਹੇ ਅੱਖਰ Soohe Akhar