ਤੇ ਇੰਝ ਸਾਡੀ ਗੱਲ ਤੁਰ ਪਈ…… (ਭਾਗ ਚੌਥਾ)

ਸਾਥੀਓ! ਸੁਨੇਹੇ ਤੁਹਾਡੇ ਮਿਲਦੇ ਰਹੇ ਨੇ ਇਸ ਭਾਗ ਲਈ, ਪਰ ਕੁਝ ਤਾਂ ਵਿਹਲ ਈ ਅੱਜ ਮਿਲੀ ਐ ਤੇ ਕੁਝ ਮੌਕਾ ਵੀ ਅੱਜ ਈ ਬਣਿਐ…… ਉਹ ਅਖੀਰ ਤੇ ਹੋਊ ਗੱਲ ਕਲੀਅਰ…..

ਤੇ ਆਪਣੀ ਗੱਲ ਚੱਲਦੀ ਸੀ ਕਿ ਮੈਨੂੰ ਉਸ ਕੁੜ੍ਹੀ ‘ਤੇ ਗੁੱਸਾ ਕਾਹਦਾ ਸੀ….. ਗੁੱਸਾ ਇਹ ਸੀ ਕਿ ਜਿਵੇਂ ਮੈਂ ਬਾਕੀ ਸਾਰਿਆਂ ਬਾਰੇ ਭਵਿੱਖਬਾਣੀ ਕਰ ਦਿੰਦਾ ਸਾਂ ਤੇ ਉਹ ਸਹੀ ਸਿੱਧ ਹੁੰਦੀ ਸੀ, ਪਰ ਉਸ ਕੁੜ੍ਹੀ ਬਾਰੇ ਕੀਤੀ ਮੇਰੀ ਕੋਈ ਗੱਲ ਕਦੇ ਸਹੀ ਨਈਂ ਸੀ ਸਿੱਧ ਹੁੰਦੀ…… ਮੇਰਾ ਜੋ ਅਨੁਮਾਨ ਹੁੰਦਾ, ਉਹ ਬਿਲਕੁਲ ਉਸ ‘ਤੋਂ ਉਲਟ ਹਰ ਵਾਰ ਕੁਝ ਨਵਾਂ ਜਿਆ ਹੀ ਕਰ ਰਹੀ ਹੁੰਦੀ….. ਕਦੇ ਮੈਨੂੰ ਲੱਗਦਾ ਕਿ ਇਹ ਸੈਂਟੀ ਜਈ ਨਿਆਣ-ਮੱਤ ਕੁੜ੍ਹੀ ਐ ਜੋ ਯੂਨੀਵਰਸਿਟੀ ‘ਚ ਆ ਕੇ ਵੀ ਗਰਾਊਂਡ ‘ਚ ਛੱਡੇ ਪਾਣੀ ‘ਚ ਨੰਗੇ ਪੈਰੀਂ ਭੱਜਦੀ ਰਹਿੰਦੀ ਐ, ਪਰ ਅਗਲੇ ਈ ਦਿਨ ਉਹ ਲਾਇਬ੍ਰੇਰੀ ‘ਚ ‘ਦਿ ਹਿੰਦੂ’ ਵਰਗੇ ਸਿਰੇ ਦੇ ਸੀਰਿਅਸ ਅਖਬਾਰਾਂ ‘ਚੋਂ ਨੋਟਿੰਗ ਲੈ ਰਹੀ ਹੁੰਦੀ……. ਇਕ ਦਿਨ ਲਾਇਬ੍ਰੇਰੀ ਦੇ ਟੈਕਸਟ-ਬੁੱਕ ਸੈਕਸ਼ਨ ਵਿਚ ਮੈਨੂੰ ਮੇਰੇ ਨਾਲ ਵਾਲੇ ਟੇਬਲ ‘ਤੇ ਇੰਡੀਅਨ ਇਕਾਨਮੀ ਦੇ ਨੋਟਸ ਪਏ ਮਿਲੇ, ਇਤਫਾਕਨ ਮੈਂ ਉਸੇ ਸ਼ਾਮ ਦੀ ਡਿਸਕਸ਼ਨ ਲਈ ਉਹੀ ਟਾਪਿਕ ਲੱਭ ਰਿਹਾਂ ਸਾਂ…. ਪੜ੍ਹਦਿਆਂ-ਪੜ੍ਹਦਿਆਂ ਉਹਨਾਂ ਦੀ ਇਕ ਨੁੱਕਰ ‘ਤੇ ਜੀਵਨ ਸ਼ਰਨਾਰਥੀ ਲਿਖਿਆ ਮਿਲਿਆ……. ਮੈਂ ਸੋਚਿਆ ਕਿਸੇ ਨੇ ਕਿਆ ਟੋਟਕਾ ਜੋੜ੍ਹਿਆ ਵਾਕਈ ਬੰਦੇ ਦਾ ਜੀਵਨ ਸ਼ਰਨਾਰਥੀ ਹੀ ਤਾਂ ਹੁੰਦੈ……. ਖੈਰ! ਮੈਂ ਨੋਟਸ ‘ਚੋਂ ਆਪਣੇ ਕੰਮ ਦੇ ਅੰਕੜੇ ਲਏ ਤੇ ਉਵੇਂ ਈ ਓਥੇ ਰੱਖ ਦਿੱਤੇ…….
.
ਲੈ ਬਾਈ! ਪੰਜਾਂ ਕੁ ਮਿੰਟਾਂ ਮਗਰੋਂ ਈ ਓਸ ਸੀਟ ‘ਤੇ ਉਹੀ ਕੁੜ੍ਹੀ ਆ ਕੇ ਬੈਠ ਗਈ……. ਪਤਾ ਨਈਂ ਕਿਉਂ ਮੈਨੂੰ ਖੌਰੇ ਚਾਅ ਨਾਲ ਈ ਘਬਰਾਹਟਾਂ ਛਿੜ੍ਹ ਗਈਆਂ…….. ਆਪਣਾ ਆਪ ਈ ਸਾਂਭਣ ‘ਤੋਂ ਬਾਗੀ ਹੋਣ ਨੂੰ ਫਿਰੇ, ਕਿਹੜ੍ਹੀਆਂ ਇਕਾਨਮੀਆਂ ‘ਤੇ ਕਿਹੜ੍ਹੇ ਟਾਪਿਕ…… ਸੁੰਨ ਜਿਆ ਮੈਂ ਤਾਂ ਹਿੱਲਣੋ-ਜੁੱਲਣੋ ਵੀ ਗਿਆ….. ਫਿਰ ਥੋੜ੍ਹੇ ਕੁ ਟਾਇਮ ਬਾਅਦ ਉਹਦੀ ਸਹੇਲੀ ਨੇ ਆਕੇ ਜਦ ਕਿਹਾ ਕਿ ਚੱਲ ਆ ਜੀਵਨ ਚਾਹ ਪੀਣ ਚੱਲੀਏ……. ਇੰਝ ਸਮਝੋ ਕਿ ਜਿਵੇਂ ਮੈਂ ਤਾਂ ਮੋਰਚਾ ਈ ਮਾਰ ਲਿਆ ਹੋਵੇ….. ਕਿਉਂਕਿ ਮੇਰੀ ਉਹਦੇ ‘ਚ ਦਿਲਚਸਪੀ ਜਦ ‘ਤੋਂ ਵਧੀ ਸੀ, ਤਦ ‘ਤੋਂ ਹੀ ਮੈਂ ਉਹਨੂੰ ਫੇਸਬੁੱਕ ‘ਤੇ ਤਲਾਸ਼ ਕਰਨ ਦੇ ਰਾਹ ਲੱਭ ਰਿਹਾ ਸਾਂ, ਪਰ ਉਹਦੇ ਲਈ ਉਹਦਾ ਨਾਮ ਪਤਾ ਹੋਣਾ ਜ਼ਰੂਰੀ ਸੀ…… ਤੇ ਹੁਣ ਉਹ ਨਾਮ ਆਪਾਂ ਨੂੰ ਪਤਾ ਲੱਗ ਗਿਆ ਸੀ ਕਿ ਇਹਦਾ ਨਾਮ ਜੀਵਨ ਐ ਤੇ ਸ਼ਰਨਾਰਥੀ ਇਹਦਾ ਗੋਤ ਐ…… ਗੋਤ ਵੀ ਚੰਦਰੀ ਨੇ ਅੱਡ ਜਿਆ ਈ ਚੁਣਿਆ, ਕਦੇ ਸੁਣਿਆਂ ਤਾਂ ਹੈ ਨਈਂ ਏਹੋ ਜਿਹਾ…….. ਪਰ ਖੈਰ ਜੋ ਵੀ ਐ, ਸੋਹਣਾ ਲੱਗਦੈ ਨਾਮ…… ਊਂ ਆਪ ਵੀ ਤਾਂ ਸੋਹਣੀਓ ਈ ਐ……..ਤੇ ਫੇਸਬੁੱਕ ‘ਤੇ ਉਸ ਨਾਮ ਦਾ ਸਰਚ ਆਪਰੇਸ਼ਨ ਸ਼ੁਰੂ ਹੋ ਚੁੱਕਾ ਸੀ….. ਤੇ ਉਸ ਨਾਮ ਦੀ ਸਿਰਫ ਇਕ ਈ ਆਈਡੀ ਮਿਲੀ ਤੇ ਉਹ ਓਸੇ ਦੀ ਸੀ…….
.
ਫੇਸਬੁੱਕ ਵੀ ਇਕ ਤਰ੍ਹਾਂ ਦੀ ਜਨਮ-ਪੱਤਰੀ ਹੀ ਹੁੰਦੀ ਐ ਬੰਦੇ ਦੀ….. ਸਖਸ਼ੀਅਤ ਬਾਰੇ ਕਾਫੀ ਹੱਦ ਤੀਕ ਅਨੁਮਾਨ ਲਗਾਇਆ ਜਾ ਸਕਦੈ ਫੇਸਬੁੱਕ ਪ੍ਰੋਫਾਇਲ ‘ਤੋਂ……. ਲਓ ਜੀ! ਆਪਾਂ ਟੇਵਾ ਲਾਉਣਾ ਆਰੰਭ ਕਰਤਾ ਤੇ ਬਾਅਦ ‘ਚ ਜਾ ਕੇ ਉਹ ਟੇਵਾ ਬਿਲਕੁਲ ਸਹੀ ਸਿੱਧ ਹੋਇਆ…… ਫੇਸਬੁੱਕ ‘ਤੋਂ ਈ ਮੈਨੂੰ ਪਤਾ ਲੱਗਿਆ ਕਿ 12 ਜੂਨ ਨੂੰ ਉਸ ਕੁੜ੍ਹੀ ਦਾ ਜਨਮ-ਦਿਨ ਹੁੰਦਾ ਹੈ……. ਸੋ ਜੀਵਨ ਨੂੰ ਜੀਵਨ ਦਿਨ ਮੁਬਾਰਕ……


(ਗੱਲ ਆਪਾਂ ਅਗਲੇ ਭਾਗ ‘ਚ ਤੋਰ ਦਿਆਂਗੇ, ਤੇ ਉਹ ਕੱਲ ਨੂੰ ਪੱਕਾ ਪੋਸਟ ਹੋਊ)

@ ਬਾਬਾ ਬੇਲੀ, 2017

Baba Beli (ਬਾਬਾ ਬੇਲੀ)

 

ਤੇ ਇੰਝ ਸਾਡੀ ਗੱਲ ਤੁਰ ਪਈ……. (ਭਾਗ ਦੂਜਾ)

……….ਤੇ ਹਾਂ ਮੈਂ ਦੱਸ ਰਿਹਾ ਸੀ ਕਿ ਚਾਹ ਪੀਂਦੀ ਉਸ ਕੁੜ੍ਹੀ ਨੂੰ ਵੇਖਕੇ ਮੈਨੂੰ ਆਪਣੇ ਹੈਂਗ ਹੋਣ ਦਾ ਕਾਰਨ ਸਮਝੇ ਪੈ ਗਿਆ…… ਹੋਇਆ ਇੰਝ ਸੀ ਕਿ ਡਿਸਕਸ਼ਨ ਕਰਦੇ-ਕਰਦੇ ਨੂੰ ਮੈਨੂੰ ਇੰਝ ਲੱਗਿਆ ਕਿ ਕੋਈ ਵੱਖਰਾ ਜਿਹਾ ਵਜੂਦ ਕੋਲੋਂ ਗੁਜ਼ਰਿਐ…. ਉਹ ਵੱਖਰਾ ਇੰਝ ਸੀ ਕਿ ਲੰਮੀ ਜਈ ਗੁੱਤ ਵਾਲੀ ਇਕ ਉੱਚੀ-ਲੰਮੀ ਕੁੜ੍ਹੀ, ਕਿਰਨ ਬੇਦੀ ਟਾਇਪ ਨੌਨ-ਡੈਨਿਮ ਕੱਪੜ੍ਹੇ ਦੀ ਪੈਂਟ ਤੇ ਕਮੀਜ਼ ਪਾਈ ਕੋਲੋ ਗੁਜ਼ਰੀ ਸੀ…… ਤੇ ਉਹ ਮੈਨੂੰ ਬਹੁਤ ਬੁਰੀ ਲੱਗੀ ਸੀ…. ਉਹ ਜਿਵੇਂ ਹਰ ਕਿਸੇ ਦੀ ਇਕ ਆਪਣੀ ਪਸੰਦ ਨਾ-ਪਸੰਦ ਹੁੰਦੀ ਏ ਨਾ, ਤੇ ਬੰਦਾ ਉਸ ਮੁਤਾਬਿਕ ਸੁਹੱਪਣ ਦਾ ਕਰਟੇਰੀਆ ਡਿਵੈਲਪ ਕਰ ਲੈਂਦੈ…… ਮੈਨੂੰ ਜੀਨ ‘ਤੋਂ ਇਲਾਵਾ ਕਿਸੇ ਵੀ ਕੱਪੜ੍ਹੇ ਦੀ ਪੈਂਟ ਨਈਂ ਪਸੰਦ ਆਉਂਦੀ ਤੇ ਨਾ ਈ ਮੈਂ ਪਾਉਂਦਾ (ਮਜਬੂਰੀ ‘ਚ ਪਾਉਣੀ ਪੈਜੇ ਤਾਂ ਗੱਲ ਹੋਰ ਐ)…. ਸੋ ਮੈਨੂੰ ਉਸ ਕੁੜ੍ਹੀ ਵੱਲ ਖਿੱਚਣ ਵਾਲੀ ਚੀਜ਼ ਉਹ ਨਈਂ ਸੀ ਜੋ ਮੈਨੂੰ ਪਸੰਦ ਸੀ, ਸਗੋਂ ਉਹ ਸੀ, ਜੋ ਮੈਨੂੰ ਪਸੰਦ ਨਈਂ ਸੀ………
.
ਇੰਝ ਹੁਣ ਉਹ ਮੈਨੂੰ ਅਕਸਰ ਈ ਵਿਖਣ ਲੱਗ ਪਈ ਸੀ, ਤਮਾਮ ਉਹਨਾਂ ਗੱਲਾਂ ਕਰਕੇ ਜੋ ਮੈਨੂੰ ਪਸੰਦ ਨਈਂ ਸਨ……. ਮਸਲਨ ਜਿਵੇਂ ਮੈਂ ਪਸ਼ੂ-ਪੰਛੀਆਂ ‘ਤੋਂ ਦੂਰੀ ਈ ਰੱਖਦਾ ਸੀ ਜ਼ਿਆਦਾਤਰ, ਤੇ ਉਹ ਦੁਪਹਿਰ ਦੀ ਚਾਹ ਨਾਲ ਬਿਸਕੁਟ ਖਾਂਦੀ ਤਮਾਮ ਗਲਹਿਰੀਆਂ, ਚਿੜ੍ਹੀਆਂ, ਗੁਟਾਰਾਂ, ਕੀੜ੍ਹੀਆਂ ਨੂੰ ਬਿਸਕੁਟ ਖਵਾ ਰਹੀ ਹੁੰਦੀ…….. ਹੋਰ ਤਾਂ ਹੋਰ ਭਗਵਾਨ ਦਾਸ ਦੀ ਕੰਟੀਨ ਪਿੱਛੇ ਫਿਰਦੇ ਆਵਾਰਾ ਕੁੱਤਿਆਂ ਨਾਲ ਵੀ ਉਸਦੀ ਪੱਕੀ ਸਾਂਝ ਸੀ….. ਉਹ ਕੰਟੀਨ ‘ਤੋਂ ਦੁੱਧ ਦਾ ਪੈਕਟ ਲਿਆ ਕੇ ਉਹਨਾਂ ਨੂੰ ਨਿੱਤਨੇਮ ਵਾਂਗੂੰ ਈ ਪਿਲਾ ਰਹੀ ਹੁੰਦੀ……. ਮੇਰੇ ਅੱਖੀਂ ਵੇਖੇ ਦੀ ਗੱਲ ਏ, ਨਵੇਂ-ਜੰਮੇ ਕਤੂਰਿਆਂ ਦਾ ਉਸ ਇਸ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਕਿ ਉਹਨਾਂ ਦੀ ਮਾਂ ਉਸ ਕੁੜ੍ਹੀ ਨੂੰ ਆਪਣੇ ਦੋਨੋਂ ਅਗਲੇ ਪੰਜੇ ਚੱਕ ਕੇ ਜੱਫੀ ਪਾਕੇ ਮਿਲਦੀ ਸੀ……… ਮੈਂ ਸਵਾਤੀ, ਸੰਯਮ, ਅਮਰ ਤੇ ਰਾਣੇ ਨਾਲ ਬੈਠਾ ਇਹ ਸਭ ਵੇਖ ਰਿਹਾ ਹੁੰਦਾ ਤੇ ਉਹਨਾਂ ਅੱਗੇ ਇਰੀਟੇਸ਼ਨ ਨਾਲ ਈ ਓਸ ਕੁੜ੍ਹੀ ਬਾਰੇ ਬਿਆਨ ਜਾਰੀ ਕਰ ਰਿਹਾ ਹੁੰਦਾ, ਹਾਲਾਂਕਿ ਸਾਡੇ ‘ਚੋਂ ਕੋਈ ਵੀ ਉਹਨੂੰ ਜਾਣਦਾ ਨਈਂ ਸੀ……. ਉਹ ਕਹਿੰਦੇ ਕਿ ਤੈਨੂੰ ਕੀ?? ਜੋ ਕਰਦੀ ਏ ਕਰਨ ਦੇ, ਤੈਨੂੰ ਤਾਂ ਕੁਝ ਨਈਂ ਕਹਿੰਦੀ ਨਾ ਉਹ…… ਪਰ ਮੇਰਾ ਲਾਜਿਕ ਹੁੰਦਾ ਕਿ ਇਹ ਗਲਤ ਕਰ ਰਹੀ ਹੈ…… ਪਸ਼ੂ-ਪੰਛੀਆਂ ਦਾ ਆਪਣਾ ਸਿਸਟਮ ਏ ਤੇ ਬੰਦੇ ਨੂੰ ਉਹਨਾਂ ਲਈ ਆਹ ਪੱਕੇ-ਪਕਾਏ ਖਾਣ-ਪੀਣ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਆਲਸੀ ਨਈਂ ਬਣਾਉਣਾ ਚਾਹੀਦਾ…… ਉਹਨਾਂ ਦਾ ਅੰਦੂਰਨੀ ਢਾਂਚਾ ਕੁਦਰਤੀ ਪਦਾਰਥਾਂ ਲਈ ਸੈੱਟ ਏ, ਪਰ ਇਸ ਤਰ੍ਹਾਂ ਦੇ ਸੋ-ਕਾਲਡ ‘ਕੋਮਲ ਹਿਰਦੇ’ ਇਹਨਾਂ ਜੀਵਾਂ ਨੂੰ ਤਲੀਆਂ-ਪੱਕੀਆਂ ਚੀਜ਼ਾਂ ਦੇ ਆਦੀ ਬਣਾ ਕੇ ਕੁਦਰਤੀ ਖੁਰਾਕ ਨਾਲੋਂ ਤੋੜ੍ਹ ਰਹੇ ਹਨ……. ਨਾਲੇ ਅਸੀਂ ਕਿਹੜ੍ਹਾ ਏਥੇ ਯੂਨੀਵਰਸਿਟੀ ਵਿਚ ਸਦਾ ਲਈ ਆਏ ਆਂ….. ਦੋ-ਤਿੰਨ ਸਾਲਾਂ ਬਾਅਦ ਅਸੀਂ ਚਲੇ ਜਾਣਾ ਹੁੰਦਾ ਏ, ਪਰ ਇਹਨਾਂ ਜੀਵਾਂ ਨੂੰ ਆਪਣੇ ‘ਤੇ ਨਿਰਭਰ ਕਰਕੇ ਇਹਨਾਂ ਦੀਆਂ ਆਦਤਾਂ ਵਿਗਾੜ੍ਹ ਜਾਂਨੇਂ ਆਂ……… ਐੱਟਸੈਟਰਾ-ਐੱਟਸੈਟਰਾ ਆਦਿ……..
.


ਪਰ ਖੈਰ ਇਹ ਤਾਂ ਐਵੈਂ ਮੈਂ ਉੱਤੋਂ-ਉੱਤੋਂ ਈ ਦਲੀਲਬਾਜ਼ੀ ਕਰਦਾ ਸੀ, ਵਿਚਲੀ ਗੱਲ ਤਾਂ ਕੋਈ ਹੋਰ ਸੀ, ਜਿਹਦਾ ਮੈਨੂੰ ਗੁੱਸਾ ਸੀ……. ਉਹ ਮੈਂ ਅਗਲੇ ਭਾਗ ‘ਚ ਦੱਸੂੰ…….
@ ਬਾਬਾ ਬੇਲੀ, 2017

Baba Beli (ਬਾਬਾ ਬੇਲੀ)