ਓਹ ਵੇਲਾ

ਜ਼ਿੰਦਗੀ ਦੀ ਤੇਜ਼ ਰਫਤਾਰ ਗੱਡੀ’ਚ
ਪਤਾ ਈ ਨਾ ਲੱਗਿਆ
ਕਦੋਂ ਸਕੂਲ ਤੋਂ ਕਾਲਜ ਥਾਣੀਂ ਹੁੰਦੇ
ਰੁਜ਼ਗਾਰ ਅੱਡੇ ਬਹੁੜ ਗਏ
ਅੱਜ ਜਦ ਫੇਰ ਸਕੂਲ ਦੇ
ਅੱਡੇ ਤੇ ਜਾ ਖਲੋਇਆ
ਤਾਂ ਪੁਰਾਣੀ ਫਿਰਕੀ ਚੱਲ ਕੇ
ਸਾਰੀ ਝਾਤ ਮਾਰ ਹਿਰਦਾ ਵਲੂੰਧਰ ਗਈ
ਕੌੜੀਆਂ ਮਿੱਠੀਆਂ ਸਭ ਯਾਦਾਂ
ਅੱਖਾਂ ਨਮ ਕਰ ਗਈਆਂ
ਕਿਵੇਂ ਇਥੇ ਦੀ ਕੀਤੀ ਪੜ੍ਹਾਈ
ਅੱਜ ਮੇਰੀ ਰੋਜ਼ੀ ਰੋਟੀ ਬਣੀ
ਤੇ ਇੱਥੇ ਮਿਲੀਆਂ ਰੂਹਾਂ ਨੇ
ਮੇਰੇ ਜੀਵਨ ਨੂੰ ਸੇਧ ਦੇ
ਅੱਜ ਮੈਨੂੰ ਆਪਣੀਆਂ ਹੀ ਅੱਖਾਂ’ਚ
ਕੁਝ ਮਕਸਦ ਦੇ ਖੜ੍ਹਾ ਕਰ ਦਿੱਤਾ

fb

ਮਨ ਕਰਦਾ ਇੱਥੇ ਵਾਪਿਸ ਫੇਰ ਆਈਏ
ਸਭ ਬੇਫਿਕਰੇ ਫਿਰ ਇਕੱਠੇ ਹੋ ਕੇ
ਦੁਨੀਆਵੀ ਝੰਜਟਾਂ ਤੋਂ ਕੋਹਾਂ ਦੂਰ
ਉਹੀ ਚਾਅ ਉਹੀ ਮਸਤੀ
ਉਹੀ ਪਿਆਰ ਉਹੀ ਖਿੱਚ
ਦੋਸਤੀ ਦਾ ਉਹੀ ਪਿਆਰ ਭਰਿਆ ਨਿੱਘ
ਅੱਜ ਮੁੜ ਫਿਰ ਸੇਕਣ ਨੂੰ ਜੀਅ ਤਰਸ ਰਿਹਾ
ਉਦੋਂ ਇੱਕ ਦੂਜੇ ਨੂੰ ਉਡੀਕ ਅਗਾਂਹ ਨੂੰ ਤੁਰਨਾ
ਪਰ ਅੱਜ ਜ਼ਿੰਦਗੀ ਦੀ ਤੋਰ ਕਈਆਂ ਨੂੰ
ਬਹੁਤ ਅਗਾਂਹ ਲੈ ਗਈ
ਇਮਾਰਤਾਂ ਬਦਲ ਗਈਆਂ ਲੋਕ ਬਦਲੇ
ਪਰ ਨਾ ਬਦਲਿਆ ਉਹ ਲੰਘਿਆ ਵੇਲਾ
ਹੁਣ ਕੌਣ ਸਮਝਾਵੇ ਮਨ ਨੂੰ ਵੀ
ਉਡਦੇ ਭੌਰ ਤੇ ਇਹ ਵੇਲਾ
ਹੱਥਾਂ ਚੋਂ ਰੇਤ ਵਾਂਗ ਕਿਰ ਜਾਂਦੇ ਨੇ
ਤੇ ਪਿੱਛੇ ਛੱਡ ਜਾਂਦੇ ਨੇ
ਨਾ ਭੁੱਲਣਯੋਗ ਅਹਿਸਾਸ
ਜਿਹੜਾ ਚਾਅ ਕੇ ਵੀ
ਭੁੱਲਿਆ ਨੀ ਜਾ ਸਕਦਾ

ਤੇਜਿੰਦਰਪਾਲ ਸਿੰਘ
( ਸ਼ੈਲੀ ਬੁਆਲ )
ਸ਼ਮਸ਼ਪੁਰ