ਖ਼ਤ ਦੀ ਕਥਾ…1

ਖ਼ਤ ਦੀ ਕਥਾ…1

ਮੈਂ ਤੈਨੂੰ ਖ਼ਤ ਲਿਖਣਾ ਚਾਹ ਰਿਹਾਂ, ਆਹ ਸਾਰੇ ਅੱਖਰ, ਸਾਰੇ ਸ਼ਬਦ ਕਤਾਰ ਬੰਨ੍ਹੀ ਖੜ੍ਹੇ ਇਕ ਦੂਜੇ ਨਾਲ ਧੱਕਮ ਧੱਕਾ ਹੋ ਰਹੇ ਨੇ. ਹਰ ਕੋਈ ਮੇਰੇ ਅਹਿਸਾਸਾਂ ਵਿਚ ਸਭ ਤੋਂ ਪਹਿਲਾਂ ਸ਼ਾਮਿਲ ਹੋਣਾ ਚਾਹੁੰਦਾ ਹੈ. ਇਹ ਤਰਸ ਗਏ ਨੇ ਸ਼ਾਇਦ, ਕਿਸੇ ਖ਼ਤ ਦਾ ਹਿੱਸਾ ਬਨਣੋਂ. ਬਸ ਅੱਧੇ-ਅਧੂਰੇ ਰਿਸ਼ਤਿਆਂ ਵਾਲੇ ਮੈਸਜਾਂ ਵਿਚ ਸ਼ਬਦ ਵੀ ਅੱਧੇ-ਅਧੂਰੇ ਈ ਵਰਤੇ ਜਾ ਰਹੇ ਨੇ. ਇਹ ਮੇਰੇ ਖ਼ਤ ਰਾਹੀਂ ਪੂਰਾ ਹੋਣਾ ਚਾਹੁੰਦੇ ਨੇ. ਜਿਵੇਂ ਮੈਂ ਤੈਨੂੰ ਮਿਲ ਕੇ ਪੂਰਨ ਹੋਣੈ…
ਹਾਂ, ਸੱਚ ਇਹ ਪੂਰੇ ਹੋਣ ਦੀ ਕਥਾ ਵੀ ਕਦੋਂ ਤੋਂ ਮੇਰੇ ਆਲੇ-ਦੁਆਲੇ ਚੱਕਰ ਕੱਟ ਰਹੀ ਏ. ਇਹਨੂੰ ਵੀ ਪਤਾ ਜਿਹਾ ਨਹੀਂ ਲੱਗ ਰਿਹਾ ਕਿ ਪੂਰਾ ਆਖ਼ਰ ਹੋਣਾ ਕਿਵੇਂ ਹੈ ਆਪਾਂ. ਤੂੰ ਅਰਧ-ਨਾਰੀ-ਈਸ਼ਵਰ ਬਾਰੇ ਤਾਂ ਸੁਣਿਆਂ ਹੋਵੇਗਾ. ਬਸ ਕਥਾ ਏਨੀ ਕੁ ਹੈ, ਤੂੰ ਆਪਣਾ ਅਧ-ਆਪਾ ਮੇਰੇ ਕੋਲੋ ਲੱਭ ਲਵੀਂ, ਮੇਰਾ ਅਧ-ਆਪਾ ਵੀ ਸ਼ਾਇਦ ਤੇਰੇ ਕੋਲੇ ਹੋਵੇਗਾ. ਭਾਵੇਂ ਸਿਆਣੇ ਆਪਣੇ ਅੰਦਰੋਂ ਲੱਭਣ ਦੀਆਂ ਸਿਆਣਪਾਂ ਦੱਸਦੇ ਨੇ ਅਕਸਰ ਤੇ ਇਹ ਰਾਹ ਇਕੋ ਹੈ. ਪਰ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਕਿ ਇਕੋ ਰਸਤੇ ਜਾਣ ਵਾਲੇ ਅਕਸਰ ਭਟਕ ਜਾਂਦੇ ਨੇ. ਆਪਾਂ ਅਣਜਾਣ ਰਾਹ ’ਤੇ ਚੱਲਦੇ ਹਾਂ, ਹੋ ਸਕਦੈ ਚੱਲਣ ਵੇਲੇ ਭਟਕ ਜਾਈਏ, ਪਹੁੰਚਣ ਤਕ ਜ਼ਰੂਰ ਸੰਭਲ ਜਾਵਾਂਗੇ.

– ਪਰਮਜੀਤ ਸਿੰਘ ਕੱਟੂ (ਲੰਮੇ ਖ਼ਤ ਦਾ ਅੰਸ਼)

Paramjeet Singh Kattu

ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

ਮਾਂ ਕਹਿੰਦੀ –
ਪੁੱਤ ਧਿਆਨ ਰੱਖੀਂ
ਇਨ੍ਹਾਂ ਜੁੱਤੇ ਝਾੜਣ ਵਾਲੇ ਕੱਪੜਿਆਂ ’ਤੇ
ਕੋਈ ਫੁੱਲ, ਕੋਈ ਅਕਾਰ ਨਾ ਹੋਵੇ

ਹੁਣ ਕਿਹੜਾ ਚਰਨ-ਧੂੜ ਦਾ ਵਕਤ ਰਿਹੈ
ਹੁਣ ਤਾਂ ਤੇਰੇ ਮਹਿੰਗੇ ਜੁੱਤਿਆਂ ਨਾਲ
ਦੁਨੀਆਂ ਭਰ ਦੀ ਸਸਤੀ ਗੰਦਗੀ ਹੀ
ਆ ਜਾਂਦੀ ਖਾਹਮਖਾਹ

ਮੈਂ ਨਹੀਂ ਚਾਹੁੰਦੀ
ਅਕਾਰ ਵੀ ਮਿੱਧਿਆ ਜਾਵੇ ਫੁੱਲ ਦਾ

ਮਾਂ ਨੇ ਹਾਉਕਾ ਜਿਹਾ ਲਿਆ ਲੰਮਾ ਸਾਰਾ

ਉਦ੍ਹੇ ਚਿਹਰੇ ’ਤੇ ਸਾਕਾਰ ਹੋਈਆਂ
ਚੁੱਲ੍ਹੇ ’ਤੇ ਬਣਾਈਆਂ ਜਲ ਰਹੀਆਂ ਮੋਰਨੀਆਂ
ਰੁਮਾਲਾਂ ’ਤੇ ਪਰੁੰਨੀਆਂ ਤਿੱਤਲੀਆਂ
ਦਰੀਆਂ ’ਚ ਕੈਦ ਘੁੱਗੀਆਂ
ਝੋਲਿਆਂ ’ਤੇ ਕੱਢੇ ਤੋਤੇ

ਨੱਕ ’ਚ ਪਾਈ ਮੱਛਲੀ
ਮੱਥੇ ’ਤੇ ਕਾਲਾ ਚੰਨ
ਪੈਰ-ਉਂਗਲੀਆਂ ’ਚ ਪਾਏ ਬਿੱਛੂ
ਤੇ ਹੋਰ ਕਿੰਨੇ ਹੀ ਜਾਣੇ ਪਹਿਚਾਣੇ
ਰੰਗ-ਆਕਾਰ ਹੋਏ ਸਾਕਾਰ

ਤੇ ਮੈਂ ਮਾਂ ਦੀਆਂ ਅੱਖਾਂ ’ਚੋਂ ਕਿਰੇ
ਘੁੱਗੀਆਂ ਗੁਟਾਰਾਂ ਤੋਤੇ
ਮੱਛਲੀਆਂ ਮੋਰਨੀਆਂ ਬਿੱਛੂਆਂ
ਅਸੰਖ ਹੰਝੂਆਂ ਦਾ ਕਰਜ਼ਦਾਰ ਹੋ ਗਿਆ

ਬਾਜ਼ਾਰੋਂ ਪਾਏਦਾਨ ਲੈਣ ਚੱਲਿਆਂ

-ਪਰਮਜੀਤ ਸਿੰਘ ਕੱਟੂ

Paramjeet Singh Kattu