ਤੇ ਇੰਝ ਸਾਡੀ ਗੱਲ ਤੁਰ ਪਈ…….. (ਭਾਗ ਪਹਿਲਾ)

2011 ਦੇ ਅਕਤੂਬਰ ਨਵੰਬਰ ਜਈ ਦੇ ਦਿਨਾਂ ‘ਚ ਮੈਂ ਨਿਰੋਲ ਵਿਹਲਪੁਣੇ ‘ਤੇ ਸਾਂ……. ਪਟਿਆਲੇ ਯੂਨੀਵਰਸਿਟੀ ਦੇ ਨਾਲ ਲੱਗਦੇ ਸ਼ੇਖੂਪੁਰੇ ਪਿੰਡ ਦੀ ਆਬਾਦੀ ‘ਤੋਂ ਬਾਹਰਵਾਰ ਇਕ ਸੁੰਨੀ ਇਮਾਰਤ ਵਿਚ ਡੇਰਾ ਲਾ ਰੱਖਿਆ ਸੀ…… ਇਮਾਰਤ ਦੇ ਕਿੱਸੇ ਕਦੇ ਫੇਰ ਸਹੀ…… ਸਵੇਰ-ਦੁਪਹਿਰ ਤਾਂ ਗਾਉਂਦਿਆਂ, ਲਿਖਦਿਆਂ, ਪੜ੍ਹਦਿਆਂ, ਲੁੱਡੋ-ਸ਼ਤਰੰਜ ਖੇਡਦਿਆਂ ਲੰਘ ਜਾਂਦੀ, ਸ਼ਾਮ ਨੂੰ ਨਹਾ-ਧੋ ਕੇ ਯੂਨੀਵਰਸਿਟੀ ਆ ਵੜ੍ਹਦੇ……. ਲਾਇਬ੍ਰੇਰੀ ਪਿੱਛੇ ਨਲਾਇਕ ਚੌਂਕ ‘ਚ ਆ ਬੈਠਦੇ ਤੇ ਅਕਸਰ ਕਦੇ ਸ਼ੇਅਰੋ-ਸ਼ਾਇਰੀ ਦਾ ਦੌਰ ਚੱਲ ਪੈਂਦੈ ਕਦੇ ਊਂ ਹਾਸੀਆਂ-ਖੇਡੀਆਂ, ਜਾਂ ਕਰੰਟ ਅਫੇਅਰਜ਼ ‘ਤੇ ਡਿਸਕਸ਼ਨਾਂ ਚੱਲ ਪੈਂਦੀਆਂ…..
.
ਓਨਾਂ ਈ ਦਿਨਾਂ ‘ਚ ਇਕ ਸ਼ਾਮ ਮੈਂ ਤੇ ਸਵਾਤੀ ਪੰਜਾਬ ਦੀ ਸਿਆਸੀ ਫਿਜ਼ਾ ‘ਤੇ ਗੱਲਬਾਤ ਕਰਦਿਆਂ ਬਹਿਸ ‘ਚ ਸਿੰਗ ਫਸਾਈ ਬੈਠੇ ਸਾਂ…… ਦਰਅਸਲ ਸਵਾਤੀ ਤੇ ਮੇਰੀ ਸਿਆਸਤ ਵਿਚ ਡੂੰਘੀ ਰੁਚੀ ਹੋਣ ਕਾਰਨ ਅਸੀਂ ਅਕਸਰ ਇਕ-ਦੂਜੇ ਨਾਲ ਸਿਆਸੀ ਮੁੱਦਿਆਂ ‘ਤੇ ਗੱਲਬਾਤ ਕਰਿਆ ਕਰਦੇ ਸਾਂ……. ਜਾਣਨ ਆਲੇ ਜਾਣਦੇ ਨੇ ਕਿ ਬਹਿਸ ਕਰਦਿਆਂ ਮੈਂ ਐਨਾ ਖੁੱਭ ਜਾਂਦਾਂ ਸਾਂ ਕਿ ਜਦ ਤੱਕ ਅਗਲਾ ਚੁੱਪ ਨਈਂ ਸੀ ਕਰਦਾ, ਮੈਂ ਦਲੀਲਾਂ ਦੇਣੋਂ ਨਈਂ ਸੀ ਹੱਟਦਾ…….. ਹਟੀ ਤਾਂ ਨਈਂ, ਪਰ ਹੁਣ ਇਹ ਆਦਤ ਘਟੀ ਜ਼ਰੂਰ ਏ ਅੱਗੇ ਨਾਲੋਂ…….
.
ਖੈਰ, ਉਸ ਸ਼ਾਮ ਸਾਡੀ ਚਰਚਾ ਜਾਰੀ ਸੀ, ਨੇੜ੍ਹਿਉਂ ਆਮ ਵਾਂਗ ਈ ਲੋਕ ਦੀ ਆਵਾਜਾਈ ਜਾਰੀ ਸੀ ਤੇ ਅਸੀਂ 2012 ‘ਚ ਹੋਣ ਵਾਲੀਆਂ ਚੋਣਾਂ ਰਿੜਕਣ ਬੈਠੇ ਗੱਲਾਂ ਦਾ ਕੜਾਹ ਬਣਾ ਰਹੇ ਸਾਂ…….. ਅਚਾਨਕ ਬੋਲਦੇ-ਬੋਲਦੇ ਨੂੰ ਸਵਾਤੀ ਨੇ ਮੈਨੂੰ ਹਲੂਣਿਆ…… ਮੈਂ ਕਿਹਾ ਕੀ ਹੋਇਆ? ਉਹ ਕਹਿੰਦੀ, “ਆਪ ਕੋ ਕਿਆ ਹੂਆ? ਕਹਾਂ ਖੋ ਗਏ?” ਮੈਂ ਹੈਰਾਨ ਕਿ ਇਹ ਇੰਝ ਕਿਉਂ ਕਹਿ ਰਹੀ ਏ, ਮੈਂ ਕਿੱਥੇ ਖੋਇਆ, ਮੈਂ ਤਾਂ ਬੋਲੀ ਜਾ ਰਿਹਾ ਸਾਂ….. ਪਰ ਸੰਯਮ ਵੀ ਆਖੇ “ਵੀਰੇ, ਤੁਸੀਂ ਸੁੰਨ ਕਾਹਤੋਂ ਹੋ ਗਏ……..” ਮੈਨੂੰ ਡੌਰ-ਭੌਰ ਵੇਖ ਸਵਾਤੀ ਇਹ ਕਹਿਕੇ ਉੱਠਕੇ ਚਲੀ ਗਈ ਕਿ ਆਪਕਾ ਧਿਆਨ ਕਹੀਂ ਔਰ ਹੈ, ਬਾਕੀ ਬਾਤੇਂ ਕਲ ਕਰੇਂਗੇ………
.
ਉਹਨਾਂ ਦੇ ਜਾਣ ਪਿੱਛੋਂ ਮੈਨੂੰ ਵੀ ਇੰਝ ਲੱਗਿਆ ਕਿ ਕੁਝ ਹੋਇਆ ਤਾਂ ਜ਼ਰੂਰ ਸੀ ਉਦੋਂ…… ਕਿੰਨਾ ਚਿਰ ਗਰਾਰੀ ਫਸੀ ਰਹੀ ਕਿ ਆਖਿਰ ਹੋਇਆ ਕੀ ਸੀ?? ਬੱਸ ਬਾਲੀਵੁੱਡ ਦੀਆਂ ਫਿਲਮਾਂ ਵਾਂਗੂੰ ਇੰਝ ਜਏ ਜ਼ਰੂਰ ਲੱਗੀ ਜਾਵੇ ਜਿਵੇਂ ਟਾਇਮ ਪਾੱਜ਼ ਹੋ ਗਿਆ ਹੁੰਦਾ…….. ਫਿਰ 5-6 ਦਿਨਾਂ ਬਾਅਦ ਆਹ ਫੋਟੋ ਵਾਲੀ ਕੁੜ੍ਹੀ ਨੂੰ ਨਲਾਇਕ ਚੌਂਕ ‘ਚ‘ਚਾਹ ਦਾ ਕੱਪ ਫੜ੍ਹੀ ਨੂੰ ਵੇਖਿਆ ਤਾਂ ਇਕਦਮ ਸਟ੍ਰਾਇਕ ਕੀਤਾ ਦਿਮਾਗ ‘ਚ‘ਕਿ ਹਾਂ ਓਏ!!!! ਓਦਣ ਇਹੀ ਲੰਘੀ ਸੀ ਪੈਂਟ-ਕਮੀਜ਼ ਪਾਈ………


ਹੁਣ ਇਹ ਗੱਲ ਮੈਂ ਅੱਜ 13 ਮਈਂ ਨੂੰ ਈ ਕਿਉਂ ਸ਼ੁਰੂ ਕੀਤੀ ਏ, ਇਹ ਅਗਲੇ ਭਾਗ ‘ਚ……..

@ ਬਾਬਾ ਬੇਲੀ, 2017

ਫੋਟੋ: 2013

Baba Beli (ਬਾਬਾ ਬੇਲੀ)