ਤੇ ਇੰਝ ਸਾਡੀ ਗੱਲ ਤੁਰ ਪਈ……. (ਭਾਗ ਤੀਜਾ)

ਪਿਛਲੇ ਭਾਗ ‘ਤੋਂ ਬਾਅਦ ਗੱਲ ਤਾਂ ਏਥੋਂ ਸ਼ੁਰੂ ਕਰਨੀ ਬਣਦੀ ਏ ਕਿ ਆਖਿਰ ਮੈਨੂੰ ਓਸ ਕੁੜ੍ਹੀ ‘ਤੇ ਗੁੱਸਾ ਕਾਹਦਾ ਸੀ…… ਪਰ ਓਦੂੰ ਪਹਿਲਾਂ ਜੇ ਬੈਕ-ਗਰਾਊਂਡ ਖੋਲ ਦੇਵਾਂ ਤਾਂ ਗੱਲ ਸਮਝਣੀ ਸੌਖੀ ਹੋਜੂ…… ਬੈਕਗਰਾਊਂਡ ਕੁਝ ਇੰਝ ਏ ਕਿ ਜਿਵੇਂ ਸਿਆਣੇ ਆਂਹਦੇ ਨੇ ਕਿ ਕਿਸੇ ਸਦਮੇ ਨਾਲ ਟੁੱਟਿਆ ਬੰਦਾ, ਟੁੱਟੇ ਸ਼ੀਸ਼ੇ ਵਾਂਗ ਕਦੇ ਮੁੜ੍ਹ ਸਾਬਤ ਨਈਂ ਹੁੰਦਾ, ਤੇ ਜੇ ਧੱਕੇ ਨਾਲ ਜੋੜ੍ਹਨ ਦੀ ਕੋਸ਼ਿਸ਼ ਕਰੋ ਤਾਂ ਤਰੇੜਾਂ ਉਹਨੂੰ ਪਹਿਲਾਂ ਵਰਗਾ ਹੋਣ ਨਈਂ ਦੇਂਦੀਆਂ……. ਓਹਨਾਂ ਦਿਨਾਂ ‘ਚ ਮੈਂ ਵੀ ਕੁਝ ਐਸੇ ਈ ਹਾਲਾਤਾਂ ‘ਚੋਂ ਗੁਜ਼ਰ ਰਿਹਾ ਸਾਂ……. ਜਾਣਨ ਆਲੇ ਤਾਂ ਜਾਣਦੇ ਨੇ ਕਿ ਕਿਸੇ ਵੇਲੇ ਮੈਂ ਆਪਣੇ ਡਿਪਾਰਟਮੈਂਟ ਦਾ ਬਹੁਤ ਹੀ ਸੰਜੀਦਾ ਕਿਸਮ ਦਾ ਵਿਦਿਆਰਥੀ ਸਾਂ…… ਲਾਇਬ੍ਰੇਰੀ ‘ਚ ਆਉਣ-ਜਾਣ ਰੱਖਣ ਆਲੇ ਸੱਜਣ ਵੀ ਮੈਨੂੰ ਪੜ੍ਹਾਕੂ-ਟਾਇਪ ਤੇ ਗੰਭੀਰ ਤਬੀਅਤ ਆਲਾ ਬੰਦਾ ਈ ਸਮਝਦੇ ਸਨ……. ਖੁੱਲੀ-ਖਿੱਲਰੀ ਲੰਮੀ ਦਾੜ੍ਹੀ, ਢਿੱਲੀ ਜਈ ਪੱਗ, ਨਜ਼ਰ ਦੀਆਂ ਐਨਕਾਂ, ਕਿਤਾਬਾਂ ਨਾਲ ਭਰੇ ਪਿੱਠੂ ਬੈਗ ਦੇ ਇਕ ਪਾਸੇ ਪਾਣੀ ਦੀ ਬੋਤਲ ਤੇ ਦੂਜੇ ਪਾਸੇ ‘ਦਿ ਹਿੰਦੂ’ ਅਖਬਾਰ ਟੰਗਿਆ ਹੁੰਦਾ…… ਮੇਰੇ ਸਟੱਡੀ ਗਰੁੱਪ ਆਲੇ ਸਾਥੀ ਪਰਵਿੰਦਰ, ਰਾਣਾ, ਅਵਿਨਾਸ਼ ਆਦਿ ਸਾਰੇ ਈ ਖੁਸ਼-ਮਿਜਾਜ਼ ਤੇ ਮਜ਼ਾਕੀਆ ਸੁਭਾਅ ਆਲੇ ਸਨ, ਪਰ ਮੇਰੇ ਖੁਸ਼ਕ ਸੁਭਾਅ ‘ਤੋਂ ਡਰਦੇ-ਸਹਿਮੇ, ਜਦ ਤੱਕ ਮੈਂ ਬੈਠਾਂ ਰਹਿੰਦਾ, ਸਿਰਫ ਪੜ੍ਹਾਈ ਦੀਆਂ ਗੱਲਾਂ ਈ ਕਰਦੇ…….
.
ਪਰ ਕੁਝ ਘਟਨਾਵਾਂ ਨੇ ਮੈਨੂੰ ਐਸਾ ਤਬਦੀਲ ਕੀਤਾ ਕਿ ਸਭ ‘ਤੋਂ ਪਹਿਲਾਂ ਤਾਂ ਕਿਤਾਬਾਂ ਦਾ ਭਰਿਆ ਬੈਗ ਪਿੱਠ ‘ਤੋਂ ਲਹਿ ਗਿਆ….. ਫਿਰ ਹੌਲੀ-ਹੌਲੀ ਚਿਹਰਾ-ਮੋਹਰਾ ਤਬਦੀਲ ਹੋ ਗਿਆ ਤੇ ਆਪਣੀ ਓਸ ਪੜ੍ਹਾਕੂ, ਸੰਜੀਦਾ ਤੇ ਖੁਸ਼ਕ-ਗੰਭੀਰ ਤਬੀਅਤ ਨੂੰ ਅਲਵਿਦਾ ਆਖਕੇ ਇਕ ਵੱਖਰੇ ਲਾਇਫ-ਸਟਾਇਲ ਵੱਲ ਰੁਖ ਕੀਤਾ….. ਔਰ ਇਸ ਕਿਸਮ ਦੀ ਜ਼ਿੰਦਗੀ ਦਾ ਬੱਸ ਸਿੱਧਾ ਜਿਆ ਮੰਤਰ ਸੀ, ਹੱਸੋ, ਗਾਓ ਤੇ ਹਰ ਗੱਲ ਸਿਰਫ ਮਨ ਦੀ ਮੌਜ ਲਈ ਕਰੋ…… ਇਨਫੈਕਟ ਜੇ ਪੜ੍ਹਨਾ ਵੀ ਐ ਤਾਂ ਓਹੀ ਪੜ੍ਹੋ ਜੋ ਜੀਅ ਕਰੇ……. ਸਿਰਫ ਉਹਨਾਂ ਮਸਲਿਆਂ ਵੱਲ ਧਿਆਨ ਦਿਓ, ਜਿੱਥੇ ਤੁਹਾਡਾ ਮਨ ਰਮੇ……. ਕਿਸੇ ਵੀ ਚੀਜ਼ ਨੂੰ ਆਪਣੇ ‘ਤੇ ਬੋਝ ਨਾ ਬਣਨ ਦਿਓ, ਹਾਵੀ ਨਾ ਹੋਣ ਦਿਓ…… ਯਾਦ ਰੱਖੋ ਕਿ ਏਥੇ ਜੀਣ ਆਏ ਆਂ, ਜ਼ਿੰਦਗੀ ਜਿਊਣ ਦਾ ਢੰਗ ਉਹ ਹੋਵੇ, ਜੋ ਤੁਹਾਨੂੰ ਖੁਸ਼ ਰੱਖੇ……..
.
ਅਕਸਰ ਜਦੋਂ ਬੰਦਾ ਕੱਲਾ ਹੁੰਦੈ, ਜਾਂ ਇਕਲਾਪਾ ਮਹਿਸੂਸ ਕਰਦੈ ਤਾਂ ਉਹ ਆਪਣੇ ਆਲੇ-ਦੁਆਲੇ ਨੂੰ ਹੋਰ ਗਹਿਰਾਈ ਨਾਲ ਵੇਖਣ ਲੱਗ ਪੈਂਦੈ……. ਅਜਿਹੇ ਵਿਚ ਉਹਨੂੰ ਐਸਾ ਕੁਝ ਵਾਪਰਦਾ ਵੀ ਵਿਖਣ ਲੱਗ ਜਾਂਦੈ, ਜੋ ਵਾਪਰ ਤਾਂ ਰਿਹਾ ਹੁੰਦੈ ਪਰ ਆਮ ਤੌਰ ‘ਤੇ ਨੰਗੀ ਅੱਖ ਨਾਲ ਵਾਪਰਦਾ ਵਿਖਦਾ ਨਈਂ ਹੁੰਦਾ…… ਉਸ ਅਦਿੱਖ ਨੂੰ ਵੇਖਣਾ ਮਹਿਸੂਸ ਕਰਨਾ ਕੋਈ ਅਲੋਕਾਰੀ ਸ਼ਕਤੀ ਨਈਂ ਹੁੰਦੀ, ਬੱਸ ਗਹਿਰਾਈ ਨਾਲ ਕਿਸੇ ਵੀ ਵਰਤਾਰੇ ਨੂੰ ਆਬਜ਼ਰਵ ਕਰਨ ਨਾਲ ਈ ਉਹ ਸਭ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦੈ…….. ਤੇ ਉਹਨਾਂ ਦਿਨਾਂ ‘ਚ ਜਦ ਸ਼ਾਮ ਢਲੇ ਮੇਰੇ ਸਾਰੇ ਸੰਗੀ ਸਾਥੀ, ਹੋਸਟਲਾਂ ਨੂੰ ਮੁੜ੍ਹ ਜਾਂਦੇ ਤਾਂ ਮੈਂ ਨਲਾਇਕ ਚੌਂਕ ‘ਚ ਕੱਲਾ ਬੈਠਾ ਆਸੇ ਪਾਸੇ ਬੈਠੀਆਂ ਜੋੜ੍ਹੀਆਂ, ਜਾਂ ਹੋਰ ਲੋਕਾਂ ਨੂੰ ਆਬਜ਼ਰਵ ਕਰਨ ਲੱਗ ਪੈਂਦਾ…… ਇੰਝ ਹੌਲੀ-ਹੌਲੀ ਮੈਨੂੰ ਉਹਨਾਂ ਦਾ ਬਿਹੇਵੀੲਰ ਪੈਟਰਨ ਸਮਝ ਆਉਣ ਲੱਗ ਪੈਂਦਾ ਕਿ ਇਹ ਕਦੋਂ ਰੁੱਸਦੇ ਨੇ, ਕਦੋਂ ਮੰਨਦੇ ਨੇ, ਕਦੋਂ ਹੱਸਦੇ ਨੇ, ਕਦੋਂ ਰੋਂਦੇ ਨੇ……. ਇੰਝ ਮੈਂ ਤੱਤ-ਸਾਰ ਇਹ ਕੱਢਿਆ ਕਿ ਆਮ ਤੌਰ ‘ਤੇ ਸਾਰੀਆਂ ਜੋੜ੍ਹੀਆਂ ‘ਚ ਇਕ ਪੈਟਰਨ ਜਿਹਾ ਡਿਵੈਲਪ ਹੋ ਜਾਂਦੈ, ਤੇ ਉਹ ਪੈਟਰਨ ਹੀ ਉਹਨਾਂ ਦੇ ਵਿਹਾਰ ਨੂੰ ਡਿਕਟੇਟ ਕਰਦੈ…….. ‘ਤੇ ਲਓ ਇਹਦਾ ਸਿੱਟਾ ਇਹ ਨਿਕਲਿਆ ਕਿ ਮੈਂ ਨਜੂਮੀਆਂ ਵਾਂਗ ਜੋਤਿਸ਼ ਲਾਉਣ ਲੱਗ ਪਿਆ…… ਮੈਂ ਆਪਣੇ ਸਾਥੀਆਂ ਨੂੰ ਕੋਲ ਬਿਠਾ ਕੇ ਦੂਰ ਬੈਠੇ ਲੋਕਾਂ ਬਾਰੇ ਦੱਸਣ ਲੱਗ ਜਾਂਦਾ ਕਿ ਦੇਖਿਓ ਹੁਣ ਇਹ ਇੰਝ ਕਰਨਗੇ, ਉਂਝ ਕਰਨਗੇ, ਹੁਣ ਫਲਾਣੀ ਕੁੜ੍ਹੀ ਰੋਣ ਦਾ ਡਰਾਮਾ ਕਰੂ ਤੇ ਉਹਦੇ ਨਾਲ ਬੈਠਾ ਮੁੰਡਾ ਗੁੱਸੇ ‘ਚ ਉੱਠਕੇ ਜਾਊ, ਫੇਰ ਕਲਾ ਭਵਨ ਕੋਲੋਂ ਮੁੜ੍ਹਕੇ ਆਊ……. ਫਿਰ ਇਹਨੂੰ ਮਨਾਊ, ਫਿਰ ਇਹ ਕੱਠੇ ਸੱਤ ਨੰਬਰ ਹੋਸਟਲ ਵੱਲ ਜਾਣਗੇ ਆਦਿ ਆਦਿ……ਤੇ ਮੇਰੇ ਸਾਥੀ ਮੇਰੀ ਭਵਿੱਖਬਾਣੀ ਸਹੀ ਹੁੰਦੀ ਵੇਖਕੇ ਹੈਰਾਨ ਹੁੰਦੇ ਤੇ ਮੇਰੀ ਵਾਹ-ਵਾਹ ਹੋ ਜਾਂਦੀ…… ਤੇ ਆਹ ਵਾਹ-ਵਾਹ ਦਾ ਸਰੂਰ ਜਿਆ ਮੈਨੂੰ ਉਦਾਸੀਆਂ ‘ਤੋਂ ਪਰੇ ਕਰ ਤੋਰੀ-ਫੇਰੀ ਰੱਖਦਾ……. ਇਹ ਕੋਈ ਕਲਾ ਨਈਂ ਸੀ, ਨਾ ਕੋਈ ਜਾਦੂ ਸੀ, ਸਿਰਫ ਆਬਜ਼ਰਵੇਸ਼ਨ ਸੀ…….
.
ਮੈਨੂੰ ਪਤੈ ਕਿ ਤੁਸੀਂ ‘ਉਸ ਕੁੜ੍ਹੀ’ ਦੇ ਜ਼ਿਕਰ ਨੂੰ ਉਡੀਕ ਰਹੇ ਓ, ਤੁਹਾਡਾ ਇਹ ਵੀ ਸਵਾਲ ਐ ਕਿ ਮੈਨੂੰ ਗੁੱਸਾ ਕਾਹਦਾ ਸੀ ਉਹਦੇ ਨਾਲ, ਤੇ ਕਈਆਂ ਨੂੰ ਇਹ ਪਤਾ ਕਰਨੈ ਕਿ ਇਹ ਗੱਲ ਮੈਂ 13 ਮਈ ਨੂੰ ਈ ਕਿਉਂ ਸ਼ੁਰੂ ਕੀਤੀ ਏ….. ਬਾਈ ਦੱਸਣ ਤਾਂ ਮੈਂ ਵੀ ਇਹੀਓ ਆਇਆ ਸਾਂ, ਪਰ ਕੀ ਕਰਾਂ ਗੱਲ ਹੁਣ ਮੇਰੇ ਵੱਸੋਂ ਬਾਹਰ ਹੋਕੇ ਹੋਰ ਲੰਮੀ ਹੋਈ ਜਾਂਦੀ ਏ…… ਆਹ ਸਾਰੀਆਂ ਗੱਲਾਂ ਆਪਾਂ ਅਗਲੇ ਭਾਗ ‘ਚ ਕਰਾਂਗੇ………



@ ਬਾਬਾ ਬੇਲੀ, 2017

ਤਸਵੀਰ: 2013

ਤੇ ਇੰਝ ਸਾਡੀ ਗੱਲ ਤੁਰ ਪਈ……. (ਭਾਗ ਦੂਜਾ)

……….ਤੇ ਹਾਂ ਮੈਂ ਦੱਸ ਰਿਹਾ ਸੀ ਕਿ ਚਾਹ ਪੀਂਦੀ ਉਸ ਕੁੜ੍ਹੀ ਨੂੰ ਵੇਖਕੇ ਮੈਨੂੰ ਆਪਣੇ ਹੈਂਗ ਹੋਣ ਦਾ ਕਾਰਨ ਸਮਝੇ ਪੈ ਗਿਆ…… ਹੋਇਆ ਇੰਝ ਸੀ ਕਿ ਡਿਸਕਸ਼ਨ ਕਰਦੇ-ਕਰਦੇ ਨੂੰ ਮੈਨੂੰ ਇੰਝ ਲੱਗਿਆ ਕਿ ਕੋਈ ਵੱਖਰਾ ਜਿਹਾ ਵਜੂਦ ਕੋਲੋਂ ਗੁਜ਼ਰਿਐ…. ਉਹ ਵੱਖਰਾ ਇੰਝ ਸੀ ਕਿ ਲੰਮੀ ਜਈ ਗੁੱਤ ਵਾਲੀ ਇਕ ਉੱਚੀ-ਲੰਮੀ ਕੁੜ੍ਹੀ, ਕਿਰਨ ਬੇਦੀ ਟਾਇਪ ਨੌਨ-ਡੈਨਿਮ ਕੱਪੜ੍ਹੇ ਦੀ ਪੈਂਟ ਤੇ ਕਮੀਜ਼ ਪਾਈ ਕੋਲੋ ਗੁਜ਼ਰੀ ਸੀ…… ਤੇ ਉਹ ਮੈਨੂੰ ਬਹੁਤ ਬੁਰੀ ਲੱਗੀ ਸੀ…. ਉਹ ਜਿਵੇਂ ਹਰ ਕਿਸੇ ਦੀ ਇਕ ਆਪਣੀ ਪਸੰਦ ਨਾ-ਪਸੰਦ ਹੁੰਦੀ ਏ ਨਾ, ਤੇ ਬੰਦਾ ਉਸ ਮੁਤਾਬਿਕ ਸੁਹੱਪਣ ਦਾ ਕਰਟੇਰੀਆ ਡਿਵੈਲਪ ਕਰ ਲੈਂਦੈ…… ਮੈਨੂੰ ਜੀਨ ‘ਤੋਂ ਇਲਾਵਾ ਕਿਸੇ ਵੀ ਕੱਪੜ੍ਹੇ ਦੀ ਪੈਂਟ ਨਈਂ ਪਸੰਦ ਆਉਂਦੀ ਤੇ ਨਾ ਈ ਮੈਂ ਪਾਉਂਦਾ (ਮਜਬੂਰੀ ‘ਚ ਪਾਉਣੀ ਪੈਜੇ ਤਾਂ ਗੱਲ ਹੋਰ ਐ)…. ਸੋ ਮੈਨੂੰ ਉਸ ਕੁੜ੍ਹੀ ਵੱਲ ਖਿੱਚਣ ਵਾਲੀ ਚੀਜ਼ ਉਹ ਨਈਂ ਸੀ ਜੋ ਮੈਨੂੰ ਪਸੰਦ ਸੀ, ਸਗੋਂ ਉਹ ਸੀ, ਜੋ ਮੈਨੂੰ ਪਸੰਦ ਨਈਂ ਸੀ………
.
ਇੰਝ ਹੁਣ ਉਹ ਮੈਨੂੰ ਅਕਸਰ ਈ ਵਿਖਣ ਲੱਗ ਪਈ ਸੀ, ਤਮਾਮ ਉਹਨਾਂ ਗੱਲਾਂ ਕਰਕੇ ਜੋ ਮੈਨੂੰ ਪਸੰਦ ਨਈਂ ਸਨ……. ਮਸਲਨ ਜਿਵੇਂ ਮੈਂ ਪਸ਼ੂ-ਪੰਛੀਆਂ ‘ਤੋਂ ਦੂਰੀ ਈ ਰੱਖਦਾ ਸੀ ਜ਼ਿਆਦਾਤਰ, ਤੇ ਉਹ ਦੁਪਹਿਰ ਦੀ ਚਾਹ ਨਾਲ ਬਿਸਕੁਟ ਖਾਂਦੀ ਤਮਾਮ ਗਲਹਿਰੀਆਂ, ਚਿੜ੍ਹੀਆਂ, ਗੁਟਾਰਾਂ, ਕੀੜ੍ਹੀਆਂ ਨੂੰ ਬਿਸਕੁਟ ਖਵਾ ਰਹੀ ਹੁੰਦੀ…….. ਹੋਰ ਤਾਂ ਹੋਰ ਭਗਵਾਨ ਦਾਸ ਦੀ ਕੰਟੀਨ ਪਿੱਛੇ ਫਿਰਦੇ ਆਵਾਰਾ ਕੁੱਤਿਆਂ ਨਾਲ ਵੀ ਉਸਦੀ ਪੱਕੀ ਸਾਂਝ ਸੀ….. ਉਹ ਕੰਟੀਨ ‘ਤੋਂ ਦੁੱਧ ਦਾ ਪੈਕਟ ਲਿਆ ਕੇ ਉਹਨਾਂ ਨੂੰ ਨਿੱਤਨੇਮ ਵਾਂਗੂੰ ਈ ਪਿਲਾ ਰਹੀ ਹੁੰਦੀ……. ਮੇਰੇ ਅੱਖੀਂ ਵੇਖੇ ਦੀ ਗੱਲ ਏ, ਨਵੇਂ-ਜੰਮੇ ਕਤੂਰਿਆਂ ਦਾ ਉਸ ਇਸ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਕਿ ਉਹਨਾਂ ਦੀ ਮਾਂ ਉਸ ਕੁੜ੍ਹੀ ਨੂੰ ਆਪਣੇ ਦੋਨੋਂ ਅਗਲੇ ਪੰਜੇ ਚੱਕ ਕੇ ਜੱਫੀ ਪਾਕੇ ਮਿਲਦੀ ਸੀ……… ਮੈਂ ਸਵਾਤੀ, ਸੰਯਮ, ਅਮਰ ਤੇ ਰਾਣੇ ਨਾਲ ਬੈਠਾ ਇਹ ਸਭ ਵੇਖ ਰਿਹਾ ਹੁੰਦਾ ਤੇ ਉਹਨਾਂ ਅੱਗੇ ਇਰੀਟੇਸ਼ਨ ਨਾਲ ਈ ਓਸ ਕੁੜ੍ਹੀ ਬਾਰੇ ਬਿਆਨ ਜਾਰੀ ਕਰ ਰਿਹਾ ਹੁੰਦਾ, ਹਾਲਾਂਕਿ ਸਾਡੇ ‘ਚੋਂ ਕੋਈ ਵੀ ਉਹਨੂੰ ਜਾਣਦਾ ਨਈਂ ਸੀ……. ਉਹ ਕਹਿੰਦੇ ਕਿ ਤੈਨੂੰ ਕੀ?? ਜੋ ਕਰਦੀ ਏ ਕਰਨ ਦੇ, ਤੈਨੂੰ ਤਾਂ ਕੁਝ ਨਈਂ ਕਹਿੰਦੀ ਨਾ ਉਹ…… ਪਰ ਮੇਰਾ ਲਾਜਿਕ ਹੁੰਦਾ ਕਿ ਇਹ ਗਲਤ ਕਰ ਰਹੀ ਹੈ…… ਪਸ਼ੂ-ਪੰਛੀਆਂ ਦਾ ਆਪਣਾ ਸਿਸਟਮ ਏ ਤੇ ਬੰਦੇ ਨੂੰ ਉਹਨਾਂ ਲਈ ਆਹ ਪੱਕੇ-ਪਕਾਏ ਖਾਣ-ਪੀਣ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਆਲਸੀ ਨਈਂ ਬਣਾਉਣਾ ਚਾਹੀਦਾ…… ਉਹਨਾਂ ਦਾ ਅੰਦੂਰਨੀ ਢਾਂਚਾ ਕੁਦਰਤੀ ਪਦਾਰਥਾਂ ਲਈ ਸੈੱਟ ਏ, ਪਰ ਇਸ ਤਰ੍ਹਾਂ ਦੇ ਸੋ-ਕਾਲਡ ‘ਕੋਮਲ ਹਿਰਦੇ’ ਇਹਨਾਂ ਜੀਵਾਂ ਨੂੰ ਤਲੀਆਂ-ਪੱਕੀਆਂ ਚੀਜ਼ਾਂ ਦੇ ਆਦੀ ਬਣਾ ਕੇ ਕੁਦਰਤੀ ਖੁਰਾਕ ਨਾਲੋਂ ਤੋੜ੍ਹ ਰਹੇ ਹਨ……. ਨਾਲੇ ਅਸੀਂ ਕਿਹੜ੍ਹਾ ਏਥੇ ਯੂਨੀਵਰਸਿਟੀ ਵਿਚ ਸਦਾ ਲਈ ਆਏ ਆਂ….. ਦੋ-ਤਿੰਨ ਸਾਲਾਂ ਬਾਅਦ ਅਸੀਂ ਚਲੇ ਜਾਣਾ ਹੁੰਦਾ ਏ, ਪਰ ਇਹਨਾਂ ਜੀਵਾਂ ਨੂੰ ਆਪਣੇ ‘ਤੇ ਨਿਰਭਰ ਕਰਕੇ ਇਹਨਾਂ ਦੀਆਂ ਆਦਤਾਂ ਵਿਗਾੜ੍ਹ ਜਾਂਨੇਂ ਆਂ……… ਐੱਟਸੈਟਰਾ-ਐੱਟਸੈਟਰਾ ਆਦਿ……..
.


ਪਰ ਖੈਰ ਇਹ ਤਾਂ ਐਵੈਂ ਮੈਂ ਉੱਤੋਂ-ਉੱਤੋਂ ਈ ਦਲੀਲਬਾਜ਼ੀ ਕਰਦਾ ਸੀ, ਵਿਚਲੀ ਗੱਲ ਤਾਂ ਕੋਈ ਹੋਰ ਸੀ, ਜਿਹਦਾ ਮੈਨੂੰ ਗੁੱਸਾ ਸੀ……. ਉਹ ਮੈਂ ਅਗਲੇ ਭਾਗ ‘ਚ ਦੱਸੂੰ…….
@ ਬਾਬਾ ਬੇਲੀ, 2017

Baba Beli (ਬਾਬਾ ਬੇਲੀ)