ਤੂੰ ਰਾਜਕੁਮਾਰ ਮੈਂ ਰਾਜਕੁਮਾਰੀ

ਅੱਜ ਕੱਲ ਮੈਂ
ਹਕੀਕਤ ਤੋਂ ਪਰ੍ਹਾ ਦੀ ਜਿੰਦਗੀ ਜੀਅ ਰਹੀ ਹਾਂ
ਤੂੰ ਮੇਰਾ ਰਾਜਕੁਮਾਰ
ਤੇ ਮੈਂ ਰਾਜਕੁਮਾਰੀ ਬਣੀ
ਤੇਰੀ ਰਾਹ ਤੱਕਦੀ ਰਹਿੰਦੀ ਹਾਂ
ਤੂੰ ਦੁਨੀਆਂ ਭਰ ਦੇ ਫ਼ਿਕਰ
ਆਪਣੇ ਨਾਲ ਗੱਠ ਮਾਰ ਲੈ ਆਉਂਦਾ ਏ
ਸਾਰੇ ਫ਼ਿਕਰ ਮੇਰੀ ਝੋਲੀ ਪਾ
ਮੇਰਾ ਹੱਥ ਆਪਣੇ ਹੱਥਾਂ ‘ਚ ਲੈ ਕੇ ਕਹਿੰਦਾ ਏ:
“ਜੱਸੀ,ਮੇਰੇ ਸਿਰ ਅਜੇ ਬੜੇ ਫਰਜ਼ ਨੇ
ਮੈਂ ਫ਼ਰਜ਼ ਨਿਭਾ ਲਵਾਂ
ਅਜੇ ਮੈਂ ਤੇਰੇ ਲਈ ਅਧੂਰਾ ਈ ਰਹਾਂਗਾ
ਕੀ ਤੂੰ ਮੇਰਾ ਸਾਥ ਦੇਵੇਗੀ
ਮੇਰਾ ਇੰਤਜ਼ਾਰ ਕਰੇਗੀ ਨਾ
ਜਦ ਤੱਕ ਮੈਂ ਸੰਪੂਰਨ ਤੇਰਾ ਨਹੀ ਹੁੰਦਾ”
ਏਹ ਗੱਲ ਕਹਿੰਦਿਆ
ਤੇਰੀਆਂ ਅੱਖਾਂ ਹੋਰ ਡੂੰਘੀਆਂ ਹੋ ਜਾਂਦੀਆਂ
ਤੇ ਪਾਣੀ ਨਾਲ ਭਰ ਜਾਂਦੀਆਂ
ਤੇਰੀ ਅੱਖ ਦਾ ਪਾਣੀ ਡਿੱਗਣ ਤੋਂ ਪਹਿਲਾਂ ਈ
ਮੈਂ ਤੇਰਾ ਹੱਥ ਘੁੱਟ ਕੇ ਫੜ ਲੈਂਦੀ ਹਾਂ
ਤੇ ਹਾਮੀ ਭਰਦੀ ਹਾਂ
ਮੇਰੀ ਹਾਮੀ ਵੇਖ
ਤੂੰ ਮੁਸਕਰਾਉਂਦਾ ਏ ਭਰੀਆਂ ਅੱਖਾਂ ਨਾਲ
ਮੈਂ ਵੀ ਮੁਸਕਰਾਉਂਦੀ ਹਾਂ
ਮੇਰੀ ਮੁਸਕਰਾਹਟ ਦੇਖ ਤੂੰ
ਬੇਫ਼ਿਕਰਾਂ ਹੋ ਸੌਂ ਜਾਂਦਾ ਏ…

ßrar Jessy

#Brar Jessy