ਰਾਜ਼

ਕਦੇ ਕਦੇ ਸੋਚਦਾ ਵੀ
ਇਹ ਰਾਜ਼ ਵੀ ਕਿੰਨੇ ਹਸੀਨ ਹੁੰਦੇ ਨੇ ਨਾ
ਜਿਹੜੇ ਸਾਰੀ ਸਾਰੀ ਉਮਰ ਖੁੱਲਦੇ ਈ ਨੀ
ਬਸ ਰਾਜ਼ ਈ ਰਹਿ ਜਾਂਦੇ ਨੇ
ਤੇ ਮੈਨੂੰ ਬੜਾ ਵਧੀਆ ਲੱਗਦਾ
ਕਦੇ ਨਾ ਖੁੱਲਣ ਵਾਲੇ ਰਾਜ਼ਾਂ ਨੂੰ
ਇਵੇਂ ਬਿੰਦ ਘੜੀ ਟਟੋਲਦੇ ਰਹਿਣਾ
ਤੇ ਇਹ ਖੇਡ ਉਦੋਂ
ਹੋਰ ਵੀ ਦਿਲਚਸਪ ਬਣ ਜਾਂਦੀ ਏ
ਜਦੋਂ ਇਹ ਖੁੱਲ੍ਹਣ ਦੀ ਬਜਾਏ
ਹੋਰ ਗੁੰਝਲਦਾਰ ਹੋ ਜਾਂਦੇ ਨੇ
ਤੇ ਮੈਂ ਲੱਗਿਆ ਰਹਿਣਾ
ਇਨ੍ਹਾਂ ਨੂੰ ਖੋਲ੍ਹਣ ਤੇ
ਆਪਣੇ ਗੁੰਝਲੇ ਦਿਮਾਗ ਦੀਆਂ
ਤੰਦਾਂ ਸੁਲਝਾਉਣ ਲਈ
ਕਦੇ ਕਦੇ ਮੈਂ ਕਲਪ ਕੇ ਹਟ ਜਾਣਾ
ਤੇ ਚਲਾ ਜਾਂਦਾ ਇਨ੍ਹਾਂ ਤੋਂ ਕੋਹਾਂ ਦੂਰ
ਹੰਢ ਰਹੀ ਜ਼ਿੰਦਗੀ ਦੇ ਨੇੜੇ
ਤੇ ਖਿਝਿਆ ਰਹਿੰਦਾ
ਇਨ੍ਹਾਂ ਦਾ ਭੇਤ ਨਾ ਪਾਉਣ ਕਰਕੇ
ਫੇਰ ਮੈਂ ਇਕਾਂਤ’ਚ ਬਹਿ ਕੇ ਸੋਚਦਾ
ਵੀ ਇਹ ਵਾਕਿਆ ਈ ਬੜੇ ਹਸੀਨ ਨੇ
ਜਿਹੜੇ ਹਰ ਪਲ
ਸਾਡੇ ਦਿਮਾਗ’ਚ ਹਲਚਲ
ਮਚਾਈ ਰੱਖਦੇ ਨੇ
ਤੇ ਸਾਡੀ ਸੋਚਾਂ ਦੇ ਖੰਭਾਂ ਨੂੰ
ਦਿੰਦੇ ਨੇ ਮੌਕਾ ਲੰਮੀ ਉਡਾਰੀ ਭਰਨ ਦਾ
ਤੇ ਜੇ ਕਿਤੇ ਏ ਰਾਜ਼
ਰਾਜ਼ ਨਾ ਰਹਿ ਕੇ
ਸਮੇਂ ਤੋਂ ਪਹਿਲਾਂ ਈ ਖੁੱਲ੍ਹਦੇ ਰਹਿੰਦੇ
ਤਾੰ ਸਾਡੀ ਸੋਚ ਨੇ ਵੀ
ਸਾਡੀ ਜ਼ਿੰਦਗੀ ਵਾਂਗ
ਖੋਖਲੀ ਈ ਰਹਿ ਜਾਣਾ ਸੀ
ਸਿਰਫ਼ ਦੁਨੀਆਵੀ ਲੋੜਾਂ ਦੀ ਪੂਰਤੀ ਤੱਕ
ਸਿਰਫ਼ ਮੇਰੀ ਤੋਂ ਮੈਂ ਤੱਕ

~ ਤੇਜਿੰਦਰਪਾਲ ਸਿੰਘ Tejinderpal Singh Buall
( ਸ਼ੈਲੀ ਬੁਆਲ )
ਸ਼ਮਸ਼ਪੁਰ
•੨੨ ਮਈ ੨੦੧੭•