ਤੇ ਇੰਝ ਸਾਡੀ ਗੱਲ ਤੁਰ ਪਈ……. (ਭਾਗ ਤੀਜਾ)

ਪਿਛਲੇ ਭਾਗ ‘ਤੋਂ ਬਾਅਦ ਗੱਲ ਤਾਂ ਏਥੋਂ ਸ਼ੁਰੂ ਕਰਨੀ ਬਣਦੀ ਏ ਕਿ ਆਖਿਰ ਮੈਨੂੰ ਓਸ ਕੁੜ੍ਹੀ ‘ਤੇ ਗੁੱਸਾ ਕਾਹਦਾ ਸੀ…… ਪਰ ਓਦੂੰ ਪਹਿਲਾਂ ਜੇ ਬੈਕ-ਗਰਾਊਂਡ ਖੋਲ ਦੇਵਾਂ ਤਾਂ ਗੱਲ ਸਮਝਣੀ ਸੌਖੀ ਹੋਜੂ…… ਬੈਕਗਰਾਊਂਡ ਕੁਝ ਇੰਝ ਏ ਕਿ ਜਿਵੇਂ ਸਿਆਣੇ ਆਂਹਦੇ ਨੇ ਕਿ ਕਿਸੇ ਸਦਮੇ ਨਾਲ ਟੁੱਟਿਆ ਬੰਦਾ, ਟੁੱਟੇ ਸ਼ੀਸ਼ੇ ਵਾਂਗ ਕਦੇ ਮੁੜ੍ਹ ਸਾਬਤ ਨਈਂ ਹੁੰਦਾ, ਤੇ ਜੇ ਧੱਕੇ ਨਾਲ ਜੋੜ੍ਹਨ ਦੀ ਕੋਸ਼ਿਸ਼ ਕਰੋ ਤਾਂ ਤਰੇੜਾਂ ਉਹਨੂੰ ਪਹਿਲਾਂ ਵਰਗਾ ਹੋਣ ਨਈਂ ਦੇਂਦੀਆਂ……. ਓਹਨਾਂ ਦਿਨਾਂ ‘ਚ ਮੈਂ ਵੀ ਕੁਝ ਐਸੇ ਈ ਹਾਲਾਤਾਂ ‘ਚੋਂ ਗੁਜ਼ਰ ਰਿਹਾ ਸਾਂ……. ਜਾਣਨ ਆਲੇ ਤਾਂ ਜਾਣਦੇ ਨੇ ਕਿ ਕਿਸੇ ਵੇਲੇ ਮੈਂ ਆਪਣੇ ਡਿਪਾਰਟਮੈਂਟ ਦਾ ਬਹੁਤ ਹੀ ਸੰਜੀਦਾ ਕਿਸਮ ਦਾ ਵਿਦਿਆਰਥੀ ਸਾਂ…… ਲਾਇਬ੍ਰੇਰੀ ‘ਚ ਆਉਣ-ਜਾਣ ਰੱਖਣ ਆਲੇ ਸੱਜਣ ਵੀ ਮੈਨੂੰ ਪੜ੍ਹਾਕੂ-ਟਾਇਪ ਤੇ ਗੰਭੀਰ ਤਬੀਅਤ ਆਲਾ ਬੰਦਾ ਈ ਸਮਝਦੇ ਸਨ……. ਖੁੱਲੀ-ਖਿੱਲਰੀ ਲੰਮੀ ਦਾੜ੍ਹੀ, ਢਿੱਲੀ ਜਈ ਪੱਗ, ਨਜ਼ਰ ਦੀਆਂ ਐਨਕਾਂ, ਕਿਤਾਬਾਂ ਨਾਲ ਭਰੇ ਪਿੱਠੂ ਬੈਗ ਦੇ ਇਕ ਪਾਸੇ ਪਾਣੀ ਦੀ ਬੋਤਲ ਤੇ ਦੂਜੇ ਪਾਸੇ ‘ਦਿ ਹਿੰਦੂ’ ਅਖਬਾਰ ਟੰਗਿਆ ਹੁੰਦਾ…… ਮੇਰੇ ਸਟੱਡੀ ਗਰੁੱਪ ਆਲੇ ਸਾਥੀ ਪਰਵਿੰਦਰ, ਰਾਣਾ, ਅਵਿਨਾਸ਼ ਆਦਿ ਸਾਰੇ ਈ ਖੁਸ਼-ਮਿਜਾਜ਼ ਤੇ ਮਜ਼ਾਕੀਆ ਸੁਭਾਅ ਆਲੇ ਸਨ, ਪਰ ਮੇਰੇ ਖੁਸ਼ਕ ਸੁਭਾਅ ‘ਤੋਂ ਡਰਦੇ-ਸਹਿਮੇ, ਜਦ ਤੱਕ ਮੈਂ ਬੈਠਾਂ ਰਹਿੰਦਾ, ਸਿਰਫ ਪੜ੍ਹਾਈ ਦੀਆਂ ਗੱਲਾਂ ਈ ਕਰਦੇ…….
.
ਪਰ ਕੁਝ ਘਟਨਾਵਾਂ ਨੇ ਮੈਨੂੰ ਐਸਾ ਤਬਦੀਲ ਕੀਤਾ ਕਿ ਸਭ ‘ਤੋਂ ਪਹਿਲਾਂ ਤਾਂ ਕਿਤਾਬਾਂ ਦਾ ਭਰਿਆ ਬੈਗ ਪਿੱਠ ‘ਤੋਂ ਲਹਿ ਗਿਆ….. ਫਿਰ ਹੌਲੀ-ਹੌਲੀ ਚਿਹਰਾ-ਮੋਹਰਾ ਤਬਦੀਲ ਹੋ ਗਿਆ ਤੇ ਆਪਣੀ ਓਸ ਪੜ੍ਹਾਕੂ, ਸੰਜੀਦਾ ਤੇ ਖੁਸ਼ਕ-ਗੰਭੀਰ ਤਬੀਅਤ ਨੂੰ ਅਲਵਿਦਾ ਆਖਕੇ ਇਕ ਵੱਖਰੇ ਲਾਇਫ-ਸਟਾਇਲ ਵੱਲ ਰੁਖ ਕੀਤਾ….. ਔਰ ਇਸ ਕਿਸਮ ਦੀ ਜ਼ਿੰਦਗੀ ਦਾ ਬੱਸ ਸਿੱਧਾ ਜਿਆ ਮੰਤਰ ਸੀ, ਹੱਸੋ, ਗਾਓ ਤੇ ਹਰ ਗੱਲ ਸਿਰਫ ਮਨ ਦੀ ਮੌਜ ਲਈ ਕਰੋ…… ਇਨਫੈਕਟ ਜੇ ਪੜ੍ਹਨਾ ਵੀ ਐ ਤਾਂ ਓਹੀ ਪੜ੍ਹੋ ਜੋ ਜੀਅ ਕਰੇ……. ਸਿਰਫ ਉਹਨਾਂ ਮਸਲਿਆਂ ਵੱਲ ਧਿਆਨ ਦਿਓ, ਜਿੱਥੇ ਤੁਹਾਡਾ ਮਨ ਰਮੇ……. ਕਿਸੇ ਵੀ ਚੀਜ਼ ਨੂੰ ਆਪਣੇ ‘ਤੇ ਬੋਝ ਨਾ ਬਣਨ ਦਿਓ, ਹਾਵੀ ਨਾ ਹੋਣ ਦਿਓ…… ਯਾਦ ਰੱਖੋ ਕਿ ਏਥੇ ਜੀਣ ਆਏ ਆਂ, ਜ਼ਿੰਦਗੀ ਜਿਊਣ ਦਾ ਢੰਗ ਉਹ ਹੋਵੇ, ਜੋ ਤੁਹਾਨੂੰ ਖੁਸ਼ ਰੱਖੇ……..
.
ਅਕਸਰ ਜਦੋਂ ਬੰਦਾ ਕੱਲਾ ਹੁੰਦੈ, ਜਾਂ ਇਕਲਾਪਾ ਮਹਿਸੂਸ ਕਰਦੈ ਤਾਂ ਉਹ ਆਪਣੇ ਆਲੇ-ਦੁਆਲੇ ਨੂੰ ਹੋਰ ਗਹਿਰਾਈ ਨਾਲ ਵੇਖਣ ਲੱਗ ਪੈਂਦੈ……. ਅਜਿਹੇ ਵਿਚ ਉਹਨੂੰ ਐਸਾ ਕੁਝ ਵਾਪਰਦਾ ਵੀ ਵਿਖਣ ਲੱਗ ਜਾਂਦੈ, ਜੋ ਵਾਪਰ ਤਾਂ ਰਿਹਾ ਹੁੰਦੈ ਪਰ ਆਮ ਤੌਰ ‘ਤੇ ਨੰਗੀ ਅੱਖ ਨਾਲ ਵਾਪਰਦਾ ਵਿਖਦਾ ਨਈਂ ਹੁੰਦਾ…… ਉਸ ਅਦਿੱਖ ਨੂੰ ਵੇਖਣਾ ਮਹਿਸੂਸ ਕਰਨਾ ਕੋਈ ਅਲੋਕਾਰੀ ਸ਼ਕਤੀ ਨਈਂ ਹੁੰਦੀ, ਬੱਸ ਗਹਿਰਾਈ ਨਾਲ ਕਿਸੇ ਵੀ ਵਰਤਾਰੇ ਨੂੰ ਆਬਜ਼ਰਵ ਕਰਨ ਨਾਲ ਈ ਉਹ ਸਭ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦੈ…….. ਤੇ ਉਹਨਾਂ ਦਿਨਾਂ ‘ਚ ਜਦ ਸ਼ਾਮ ਢਲੇ ਮੇਰੇ ਸਾਰੇ ਸੰਗੀ ਸਾਥੀ, ਹੋਸਟਲਾਂ ਨੂੰ ਮੁੜ੍ਹ ਜਾਂਦੇ ਤਾਂ ਮੈਂ ਨਲਾਇਕ ਚੌਂਕ ‘ਚ ਕੱਲਾ ਬੈਠਾ ਆਸੇ ਪਾਸੇ ਬੈਠੀਆਂ ਜੋੜ੍ਹੀਆਂ, ਜਾਂ ਹੋਰ ਲੋਕਾਂ ਨੂੰ ਆਬਜ਼ਰਵ ਕਰਨ ਲੱਗ ਪੈਂਦਾ…… ਇੰਝ ਹੌਲੀ-ਹੌਲੀ ਮੈਨੂੰ ਉਹਨਾਂ ਦਾ ਬਿਹੇਵੀੲਰ ਪੈਟਰਨ ਸਮਝ ਆਉਣ ਲੱਗ ਪੈਂਦਾ ਕਿ ਇਹ ਕਦੋਂ ਰੁੱਸਦੇ ਨੇ, ਕਦੋਂ ਮੰਨਦੇ ਨੇ, ਕਦੋਂ ਹੱਸਦੇ ਨੇ, ਕਦੋਂ ਰੋਂਦੇ ਨੇ……. ਇੰਝ ਮੈਂ ਤੱਤ-ਸਾਰ ਇਹ ਕੱਢਿਆ ਕਿ ਆਮ ਤੌਰ ‘ਤੇ ਸਾਰੀਆਂ ਜੋੜ੍ਹੀਆਂ ‘ਚ ਇਕ ਪੈਟਰਨ ਜਿਹਾ ਡਿਵੈਲਪ ਹੋ ਜਾਂਦੈ, ਤੇ ਉਹ ਪੈਟਰਨ ਹੀ ਉਹਨਾਂ ਦੇ ਵਿਹਾਰ ਨੂੰ ਡਿਕਟੇਟ ਕਰਦੈ…….. ‘ਤੇ ਲਓ ਇਹਦਾ ਸਿੱਟਾ ਇਹ ਨਿਕਲਿਆ ਕਿ ਮੈਂ ਨਜੂਮੀਆਂ ਵਾਂਗ ਜੋਤਿਸ਼ ਲਾਉਣ ਲੱਗ ਪਿਆ…… ਮੈਂ ਆਪਣੇ ਸਾਥੀਆਂ ਨੂੰ ਕੋਲ ਬਿਠਾ ਕੇ ਦੂਰ ਬੈਠੇ ਲੋਕਾਂ ਬਾਰੇ ਦੱਸਣ ਲੱਗ ਜਾਂਦਾ ਕਿ ਦੇਖਿਓ ਹੁਣ ਇਹ ਇੰਝ ਕਰਨਗੇ, ਉਂਝ ਕਰਨਗੇ, ਹੁਣ ਫਲਾਣੀ ਕੁੜ੍ਹੀ ਰੋਣ ਦਾ ਡਰਾਮਾ ਕਰੂ ਤੇ ਉਹਦੇ ਨਾਲ ਬੈਠਾ ਮੁੰਡਾ ਗੁੱਸੇ ‘ਚ ਉੱਠਕੇ ਜਾਊ, ਫੇਰ ਕਲਾ ਭਵਨ ਕੋਲੋਂ ਮੁੜ੍ਹਕੇ ਆਊ……. ਫਿਰ ਇਹਨੂੰ ਮਨਾਊ, ਫਿਰ ਇਹ ਕੱਠੇ ਸੱਤ ਨੰਬਰ ਹੋਸਟਲ ਵੱਲ ਜਾਣਗੇ ਆਦਿ ਆਦਿ……ਤੇ ਮੇਰੇ ਸਾਥੀ ਮੇਰੀ ਭਵਿੱਖਬਾਣੀ ਸਹੀ ਹੁੰਦੀ ਵੇਖਕੇ ਹੈਰਾਨ ਹੁੰਦੇ ਤੇ ਮੇਰੀ ਵਾਹ-ਵਾਹ ਹੋ ਜਾਂਦੀ…… ਤੇ ਆਹ ਵਾਹ-ਵਾਹ ਦਾ ਸਰੂਰ ਜਿਆ ਮੈਨੂੰ ਉਦਾਸੀਆਂ ‘ਤੋਂ ਪਰੇ ਕਰ ਤੋਰੀ-ਫੇਰੀ ਰੱਖਦਾ……. ਇਹ ਕੋਈ ਕਲਾ ਨਈਂ ਸੀ, ਨਾ ਕੋਈ ਜਾਦੂ ਸੀ, ਸਿਰਫ ਆਬਜ਼ਰਵੇਸ਼ਨ ਸੀ…….
.
ਮੈਨੂੰ ਪਤੈ ਕਿ ਤੁਸੀਂ ‘ਉਸ ਕੁੜ੍ਹੀ’ ਦੇ ਜ਼ਿਕਰ ਨੂੰ ਉਡੀਕ ਰਹੇ ਓ, ਤੁਹਾਡਾ ਇਹ ਵੀ ਸਵਾਲ ਐ ਕਿ ਮੈਨੂੰ ਗੁੱਸਾ ਕਾਹਦਾ ਸੀ ਉਹਦੇ ਨਾਲ, ਤੇ ਕਈਆਂ ਨੂੰ ਇਹ ਪਤਾ ਕਰਨੈ ਕਿ ਇਹ ਗੱਲ ਮੈਂ 13 ਮਈ ਨੂੰ ਈ ਕਿਉਂ ਸ਼ੁਰੂ ਕੀਤੀ ਏ….. ਬਾਈ ਦੱਸਣ ਤਾਂ ਮੈਂ ਵੀ ਇਹੀਓ ਆਇਆ ਸਾਂ, ਪਰ ਕੀ ਕਰਾਂ ਗੱਲ ਹੁਣ ਮੇਰੇ ਵੱਸੋਂ ਬਾਹਰ ਹੋਕੇ ਹੋਰ ਲੰਮੀ ਹੋਈ ਜਾਂਦੀ ਏ…… ਆਹ ਸਾਰੀਆਂ ਗੱਲਾਂ ਆਪਾਂ ਅਗਲੇ ਭਾਗ ‘ਚ ਕਰਾਂਗੇ………@ ਬਾਬਾ ਬੇਲੀ, 2017

ਤਸਵੀਰ: 2013

ਈਸਾ ਜਾਂ ਮਨਸੂਰ

ਤੁਸੀਂ ਕੋਸ਼ਿਸ਼ ਨਾ ਕਰਨਾ
ਈਸਾ ਜਾਂ ਮਨਸੂਰ ਬਣਨ ਦੀ
ਜਦੋਂ ਤੱਕ ਕਿ ਧੀ ਵਰਗਾ ਪਵਿੱਤਰ ਸ਼ਬਦ
ਤੁਹਾਡੀਆਂ ਅੱਖਾਂ ਵਿੱਚ ‘ਰੰਨ’ ਬਣਕੇ ਰੜਕਦਾ ਰਹੇ
ਤੁਸੀਂ ਬਿਲਕੁਲ ਕੋਸ਼ਿਸ਼ ਨਾ ਕਰਨਾ…
~ਸੂਹੇ ਅੱਖਰ

Soohe Akhar