ਗਿਆ ਆਖ਼ਿਰ

ਇਸ਼ਕ ਹੱਦ ਤੋਂ ਗੁਜ਼ਰ ਗਿਆ ਆਖ਼ਿਰ
ਓਹੀ ਦਿਲ ਤੋਂ ਉਤਰ ਗਿਆ ਆਖ਼ਿਰ.

ਦੂਰ ਹੋਇਆ, ਉਦ੍ਹਾ ਕਸੂਰ ਨਹੀਂ,
ਛੋਟਾ ਭਾਂਡਾ ਸੀ ਭਰ ਗਿਆ ਆਖ਼ਿਰ.

ਵਕਤ ਵਿਛੜਨ ਦਾ ਜਾਨਲੇਵਾ ਸੀ,
ਉਹ ਵੀ ਦਿਲ ਤੋਂ ਗੁਜ਼ਰ ਗਿਆ ਆਖ਼ਿਰ.

ਲੰਮਾ ਅਰਸਾ ਉਦ੍ਹਾ ਦਰੇਗ਼ ਰਿਹਾ ,
ਫਿਰ ਅਚਾਨਕ ਵਿਸਰ ਗਿਆ ਆਖ਼ਿਰ.

ਵਕਤ ‘ਚੋਂ ਪਲ ਚੁਰਾਉਣੇ ਜੀਣ ਲਈ
ਹੁਣ ਤਾਂ ਇਹ ਵੀ ਹੁਨਰ ਗਿਆ ਆਖ਼ਿਰ.

ਸ਼ਹਿਰ ਤਕ ਤਾਂ ਉਹ ਆਪਣੇ ਨਾਲ਼ ਰਿਹਾ,
ਫਿਰ ਪਤਾ ਨਈਂ ਕਿਧਰ ਗਿਆ ਆਖ਼ਿਰ.
ਵਾਹਿਦ

Wahid

ਸਰਾਪੇ ਸਮਿਆਂ ‘ਚ ਮੁਹੱਬਤ…

ਉਸ ਦੀ ਤੀਸਰੀ ਅੱਖ ਖੁੱਲ੍ਹਣ ਹੀ ਲੱਗੀ ਸੀ
ਐਨ ਓਸੇ ਵੇਲੇ ਮੈਥੋਂ
ਉਸ ਦੇ ਮੱਥੇ ‘ਤੇ ਧਰਿਆ ਗਿਆ ਇਕ ਚੁੰਮਣ

ਉਹ ਸਾਰੀ ਦੀ ਸਾਰੀ ਦੱਬ ਗਈ
ਉਮਰ-ਭਰ ਲਈ
ਪਿਆਰ ਦੇ ਭਾਰ ਹੇਠ…

ਸਭ ਤੋਂ ਦੂਰ ਕਿਤੇ ਇਕ ਹੋ ਕੇ
ਉੱਡ ਜਾਣ ਦਾ ਸੁਪਨਾ
ਕਿੰਨਾ ਧਾਰਮਿਕ ਵਜ਼ਨ ਚੁੱਕਿਆ
ਨਾਜ਼ੁਕ ਪਰਾਂ ‘ਤੇ ਉਸ ਨੇ…
ਇਕ ਹੋਰ ਸੀ ਆਪਸ਼ਨ
ਇਕ-ਦੋ ਵੋਟਾਂ ਜੰਮਨੀਆਂ
ਇਹ ਤਾਂ ਸਹੀ ਜਵਾਬ ਨਾ ਸੀ
ਮੱਥੇ ਖੁੱਭੇ ਸਵਾਲਾਂ ਦੇ…

ਕਿਹਦਾ ਖੰਭ ਮੇਰੀ ਅੱਖ ‘ਚ ਵੱਜਿਆ…!
ਮੇਰੇ ਜ਼ਿਹਨ ‘ਚ ਇਹ ਕਿਹਦੀਆਂ
ਜ਼ਖ਼ਮੀ ਉਡਾਣਾਂ ਭਟਕਣ…
ਖ਼ੂਨ ਦੇ ਤੁਪਕੇ
ਜੋ ਦਿਲ ‘ਤੇ ਡਿੱਗਣ?

ਵਾਹਿਦ

Wahid